ਫਗਵਾੜਾ ਹਲਕੇ ‘ਚ ਸਕੂਲਾਂ ਦੀ ਨੁਹਾਰ ਬਦਲਣ ‘ਤੇ ਖਰਚ ਕੀਤੇ 6 ਕਰੋੜ ਰੁਪਏ - ਮਾਨ
ਫਗਵਾੜਾ 25 ਅਕਤੂਬਰ (ਸ਼ਿਵ ਕੌੜਾ) - ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਸਿੱਖਿਆ ਕ੍ਰਾਂਤੀ ਮੁਹਿਮ ਤਹਿਤ ਫਗਵਾੜਾ ਵਿਧਾਨਸਭਾ ਹਲਕੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਹੁਣ ਤੱਕ 6 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਹ ਗੱਲ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸਪਰਸਨ ਅਤੇ ਫਗਵਾੜਾ ਹਲਕੇ ਦੇ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਨੇ ਪਿੰਡ ਸੁੰਨੜਾਂ ਰਾਜਪੂਤਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਇੰਟਰਲਾਕ ਟਾਇਲਾਂ ਨਾਲ ਪੱਕਾ ਫਰਸ਼ ਲਗਵਾਉਣ ਦੀ ਸ਼ੁਰੂਆਤ ਕਰਨ ਸਮੇਂ ਕਹੀ। ਉਹਨਾਂ ਦੱਸਿਆ ਕਿ ਫਰਸ਼ ਲਗਾਉਣ ਦੇ ਇਸ ਪ੍ਰੋਜੈਕਟ ‘ਤੇ 2 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਮੂਹ ਪ੍ਰਾਇਮਰੀ ਸਕੂਲਾਂ ‘ਚ ਪ੍ਰਾਈਵੇਟ ਸਕੂਲਾਂ ਵਰਗੀਆਂ ਉੱਚ ਦਰਜੇ ਦੀਆਂ ਸਹੂਲਤਾਂ ਦੇਣ ਲਈ ਵੱਡੀ ਪੱਧਰ ‘ਤੇ ਉਪਰਾਲੇ ਕਰ ਰਹੀ ਹੈ। ਬਹੁਤ ਸਾਰੇ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਅਧਿਆਪਕਾਂ ਨੂੰ ਸਿੱਖਿਆ ਦੀਆਂ ਨਵੀਂਆਂ ਤਕਨੀਕਾਂ ਦੀ ਟ੍ਰੇਨਿੰਗ ਲਈ ਵਿਦੇਸ਼ਾਂ ‘ਚ ਭੇਜਿਆ ਜਾ ਰਿਹਾ ਹੈ। ਜਿਸਦਾ ਮਕਸਦ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਸਕੇ। ਹਰਜੀ ਮਾਨ ਨੇ ਕਿਹਾ ਕਿ ਕਿਸੇ ਵੀ ਰਵਾਇਤੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਅਜਿਹੇ ਕ੍ਰਾਂਤੀਕਾਰੀ ਕਦਮ ਨਹੀਂ ਚੁੱਕੇ। ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਦਾ ਨਤੀਜਾ ਹੈ ਕਿ ਅੱਜ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਬੋਰਡ ਪ੍ਰੀਖਿਆ ਵਿੱਚ ਮੈਰਿਟ ਸਥਾਨ ਹਾਸਲ ਕਰ ਰਹੇ ਹਨ। ਬਹੁਤ ਸਾਰੇ ਸਕੂਲਾਂ ਦਾ ਰਿਜਲਟ ਸੌ ਫੀਸਦੀ ਆ ਰਿਹਾ ਹੈ। ਜੋ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਵੱਡੀ ਪ੍ਰਾਪਤੀ ਹੈ। ਇਸ ਦੌਰਾਨ ਸਰਪੰਚ ਰੇਸ਼ਮੋ ਅਤੇ ਸਕੂਲ ਸਟਾਫ ਨੇ ਪੰਜਾਬ ਸਰਕਾਰ ਦੇ ਉਪਰਾਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੱਕਾ ਫਰਸ਼ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਵੱਡੀ ਮੁਸ਼ਕਿਲ ਹੋ ਰਹੀ ਸੀ। ਖਾਸ ਤੌਰ ਤੇ ਬਰਸਾਤ ਦੇ ਦਿਨਾਂ ‘ਚ ਪਾਣੀ ਤੇ ਚਿਕੜ ਸਟਾਫ ਤੇ ਵਿਦਿਆਰਥੀਆਂ ਲਈ ਪਰੇਸ਼ਾਨੀ ਦੇ ਕਾਰਨ ਬਣਦੇ ਸਨ। ਪੱਕਾ ਫਰਸ਼ ਲੱਗਣ ਦੇ ਨਾਲ ਵੱਡੀ ਰਾਹਤ ਮਿਲੇਗੀ। ਜਿਸ ਦੇ ਲਈ ਉਹ ਹਲਕਾ ਇੰਚਾਰਜ ਹਰਜੀ ਮਾਨ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਪ੍ਰਦੀਪ ਕੈਲੇ, ਮਦਨ ਲਾਲ, ਨੀਲਮ, ਯਾਦਵਿੰਦਰ ਸਿੰਘ, ਜੋਗਿੰਦਰ ਕੁਮਾਰ, ਸੋਢੀ ਰਾਮ, ਸਤੀਸ਼ ਕੁਮਾਰ, ਰਾਜਕੁਮਾਰ, ਦਲਵਿੰਦਰ ਸਿੰਘ, ਸੁਰਿੰਦਰ ਸਿੰਘ, ਅਮਰਜੀਤ ਸਿੰਘ ਆਦਿ ਹਾਜਰ ਸਨ
0 Comments