ਸ਼੍ਰੀ ਵਿਸ਼ਵਕਰਮਾ ਪੂਜਾ ਮਹਾ ਉਤਸਵ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ : ਧੀਮਾਨ


ਫਗਵਾੜਾ 4 
ਅਕਤੂਬਰ (ਸ਼ਿਵ ਕੌੜਾ)- ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਦੀ ਆਮ ਮੀਟਿੰਗ ਸਭਾ ਦੇ ਪ੍ਰਧਾਨ ਪ੍ਰਦੀਪ ਧੀਮਾਨ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ, ਬੰਗਾ ਰੋਡ, ਫਗਵਾੜਾ ਵਿਖੇ ਹੋਈ। ਜਿਸ ਵਿੱਚ 22 ਅਤੇ 23 ਅਕਤੂਬਰ ਨੂੰ ਮਨਾਏ ਜਾਣ ਵਾਲੇ 115ਵੇਂ ਸਾਲਾਨਾ ਸ਼੍ਰੀ ਵਿਸ਼ਵਕਰਮਾ ਪੂਜਾ ਉਤਸਵ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਤੋਂ ਬਾਅਦ ਪ੍ਰਧਾਨ ਪ੍ਰਦੀਪ ਧੀਮਾਨ ਨੇ ਦੱਸਿਆ ਕਿ ਦੋ ਦਿਨਾਂ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਚੱਲ ਰਹੀਆਂ ਹਨ। ਸਮਾਗਮ ਦੇ ਪਹਿਲੇ ਦਿਨ, ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੀ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ ਮੁੱਖ ਮਹਿਮਾਨ ਹੋਣਗੇ। ਸਵਾਗਤ ਕਮੇਟੀ ਦੀ ਪ੍ਰਧਾਨਗੀ ਮਨਜਿੰਦਰ ਸਿੰਘ ਸੀਹਰਾ ਕਰਨਗੇ। ਮਹਿੰਦਰ ਸਿੰਘ ਮਣਕੂ ਕੈਨੇਡਾ ਝੰਡਾ ਲਹਿਰਾਉਣ ਉਪਰੰਤ ਹਵਨ ਯੱਗ ‘ਚ ਜਜਮਾਨ ਦੀ ਭੂਮਿਕਾ ਨਿਭਾਉਣਗੇ। ਸਮਾਗਮ ਦੌਰਾਨ ਧਾਰਮਿਕ ਸਟੇਜ ਵੀ ਸਜਾਈ ਜਾਵੇਗੀ। ਜਿਸ ਵਿੱਚ ਗਾਇਕਾ ਮੀਨੂ ਅਟਵਾਲ ਅਤੇ ਮਿਊਜੀਕਲ ਗਰੁੱਪ ਭਗਵਾਨ ਵਿਸ਼ਵਕਰਮਾ ਜੀ ਦੀ ਉਸਤਤ ਵਿੱਚ ਸੁੰਦਰ ਗੁਣਗਾਨ ਕਰਨਗੇ। ਮੰਦਿਰ ਦੀ ਸਾਲਾਨਾ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ। ਸਮਾਗਮ ਦੇ ਦੂਜੇ ਦਿਨ ਦਰਬਾਰਾ ਸਿੰਘ ਕੁੰਦੀ ਹਵਨ ਦੇ ਜਜਮਾਨ ਹੋਣਗੇ। ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਵੱਲੋਂ ਇੱਕ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਉਨ੍ਹਾਂ ਫਗਵਾੜਾ ਅਤੇ ਆਸ ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਸਾਲਾਨਾ ਇਕੱਠ ਵਿੱਚ ਸ਼ਾਮਲ ਹੋਣ ਅਤੇ ਭਗਵਾਨ ਵਿਸ਼ਵਕਰਮਾ ਦਾ ਆਸ਼ੀਰਵਾਦ ਲੈਣ ਦੀ ਪੁਰਜੋਰ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਜਿੱਥੇ ਮੰਦਰ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਜਾਵੇਗਾ, ਉੱਥੇ ਬੱਚਿਆਂ ਲਈ ਕਈ ਤਰ੍ਹਾਂ ਦੇ ਝੂਲੇ ਅਤੇ ਖਿਡੌਣਿਆਂ ਦੇ ਸਟਾਲ ਹਮੇਸ਼ਾ ਵਾਂਗ ਖਿੱਚ ਦਾ ਕੇਂਦਰ ਰਹਿਣਗੇ। ਮੀਟਿੰਗ ਵਿੱਚ ਸਰਪ੍ਰਸਤ ਜਸਪਾਲ ਸਿੰਘ ਲਾਲ, ਸੀਨੀਅਰ ਉਪ ਪ੍ਰਧਾਨ ਸੁਰਿੰਦਰ ਪਾਲ ਧੀਮਾਨ, ਜਨਰਲ ਸਕੱਤਰ ਸੁਭਾਸ਼ ਧੀਮਾਨ, ਖਜ਼ਾਨਚੀ ਵਿਕਰਮਜੀਤ ਚੱਗਰ, ਉਪ ਪ੍ਰਧਾਨ ਗੁਰਨਾਮ ਸਿੰਘ ਜੁਤਲਾ, ਅਮੋਲਕ ਸਿੰਘ ਝੀਤਾ, ਪ੍ਰਸ਼ਾਂਤ ਧੀਮਾਨ, ਗੁਰਮੁਖ ਸਿੰਘ ਨਾਮਧਾਰੀ, ਅਰੁਣ ਰੂਪਰਾਏ, ਰੀਤ ਪ੍ਰੀਤ ਪਾਲ ਸਿੰਘ, ਮਨਜਿੰਦਰ ਸਿੰਘ ਸੀਹਰਾ, ਵਿਕਰਮ ਰੂਪਰਾਏ, ਭੁਪਿੰਦਰ ਸਿੰਘ ਜੰਡੂ ਅਤੇ ਬਲਵਿੰਦਰ ਸਿੰਘ ਰਤਨ ਆਦਿ ਮੌਜੂਦ ਸਨ।

Post a Comment

0 Comments