ਅਮਰਜੀਤ ਸਿੰਘ ਜੰਡੂ ਸਿੰਘਾ- ਗੁਰੂ ਤੇਗ ਬਹਾਦਰ
ਪਬਲਿਕ ਸਕੂਲ ਹਜ਼ਾਰਾ ਦੀ ਸਮੂਹ ਪ੍ਰਬੰਧਕ ਕਮੇਟੀ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਸਮਾਗਮ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੱਚਿਆਂ ਵੱਲੋਂ ਸ੍ਰੀ ਜਪੁ ਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਕੀਤੀ ਗਈ । ਇਸ ਤੋਂ ਬਾਅਦ ਨਰਸਰੀ ਕਲਾਸ ਦੇ ਬੱਚਿਆਂ ਨੇ ਮੂਲ ਮੰਤਰ ਦਾ ਗਾਇਨ ਕੀਤਾ ਅਤੇ ਫਿਰ ਦੂਜੀ ਕਲਾਸ ਦੇ ਬੱਚਿਆਂ ਨੇ ਜਪੁਜੀ ਸਾਹਿਬ ਦੀਆਂ ਪੰਜ ਪਉੜੀਆਂ ਦਾ ਪਾਠ ਕੀਤਾ ।ਇਸ ਤੋਂ ਇਲਾਵਾ ਵੱਡੀਆਂ ਕਲਾਸਾਂ ਦੇ ਬੱਚਿਆਂ ਨੇ ਚੌਥੇ ਮਹਾਨ ਸਤਿਗੁਰੂ ਜੀ ਦੀ ਸ਼ੋਭਾ ਵਿੱਚ ਉਚਾਰੇ ਸ਼ਬਦਾਂ ਰਾਮਕਲੀ ਵਾਰ ਵਿੱਚੋਂ “ ਐਸੇ ਗੁਰ ਕਉ ਬਲਿ ਬਲਿ ਜਾਈਐ, ਅਬ ਗੁਰੂ ਰਾਮਦਾਸ ਕਉ ਮਿਲੀ ਬਡਾਈ”ਸ਼ਬਦਾਂ ਦਾ ਗਾਇਨ ਕੀਤਾ ਅਤੇ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਕਵਿਤਾਵਾਂ ਅਤੇ ਕਵੀਸ਼ਰੀਆਂ ਗਾਇਨ ਕੀਤੀਆਂ ਗਈਆਂ ।ਇਸ ਤੋਂ ਇਲਾਵਾ ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਉੱਤੇ ਪ੍ਰਕਾਸ਼ ਪਾਇਆ ਗਿਆ। ਬੱਚਿਆਂ ਨੇ ਲੈਕਚਰ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਜੀਵਨ ਵਿੱਚ ਕਈ ਵਡਮੁੱਲੇ ਮਹਾਨ ਕਾਰਜ ਕੀਤੇ ਸਮਾਗਮ ਦੇ ਅੰਤ ਵਿੱਚ ਅਨੰਦ ਸਾਹਿਬ ਦਾ ਪਾਠ ਕਰਕੇ ਬੱਚਿਆਂ ਵੱਲੋਂ ਹੀ ਅਰਦਾਸ ਕਰਕੇ ਹੁਕਮਨਾਮਾ ਸਾਹਿਬ ਲੈਣ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ ।
ਇਸ ਮੌਕੇ ਸਕੂਲ ਦੀ ਡਾਇਰੈਕਟਰ ਸ੍ਰੀਮਤੀ ਨਿਸ਼ਾ ਮੜੀਆ ਅਤੇ ਪ੍ਰਿੰਸੀਪਲ ਸ੍ਰੀਮਤੀ ਅਮਿਤਾਲ ਕੌਰ ਜੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਉਹਨਾਂ ਕਿਹਾ ਕਿ ਗੁਰੂ ਜੀ ਨੇ ਚਾਰ ਲਾਵਾਂ ਦੀ ਬਾਣੀ ਲਿਖ ਕੇ ਅਨੰਦ ਕਾਰਜ ਦੀ ਰੀਤ ਨੂੰ ਆਰੰਭਿਆ।ਗੁਰੂ ਸਾਹਿਬ ਜੀ ਦੀ ਬਾਣੀ ਤੋਂ ਸੇਵਾ ਸਿਮਰਨ ਕਰਨ ਅਤੇ ਨੇਕ ਇਨਸਾਨ ਬਣਨ ਦੀ ਸਿੱਖਿਆ ਮਿਲਦੀ ਹੈ।ਇਸ ਮੌਕੇ ਸਕੂਲ ਦੇ ਸਕੱਤਰ ਸ. ਸੁਰਜੀਤ ਸਿੰਘ ਜੀ ਚੀਮਾ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਬਹੁਤ ਬਖਸ਼ੀਸ਼ਾਂ ਹਨ।ਉਨਾਂ ਦੇ ਉਪਦੇਸ਼ ਸਾਡੇ ਜੀਵਨ ਨੂੰ ਅਨੰਦਮਈ ਬਣਾਉਣ ਵਾਲੇ ਹਨ । ਉਹਨਾਂ ਦੇ ਕਾਰਜ ਮਨੁੱਖ ਨੂੰ ਆਤਮਿਕ ਅਤੇ ਸਮਾਜਿਕ ਵਿਕਾਸ ਦਾ ਰਾਹ ਦਿਖਾਉਂਦੇ ਹਨ । ਇਸ ਕਰਕੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਗੁਰੂ ਸਾਹਿਬ ਦੇ ਮਹਾਨ ਜੀਵਨ ਨੂੰ ਯਾਦ ਕਰਦਿਆਂ ਆਪਣੇ ਅੰਦਰ ਨਿਮਰਤਾ ਸੇਵਾ ਅਤੇ ਸਿਮਰਨ ਦੇ ਭਾਵ ਪੈਦਾ ਕਰੀਏ ਅਤੇ ਸਿੱਖੀ ਦੇ ਸਿਧਾਂਤਾਂ ਤੇ ਚੱਲ ਕੇ ਆਪਣਾ ਜੀਵਨ ਸਫ਼ਲਾ ਕਰੀਏ ।ਗੁਰੂ ਰਾਮਦਾਸ ਜੀ ਦਾ ਸਮੁੱਚਾ ਜੀਵਨ ਕਿਰਤ ਕਰਨ ਅਤੇ ਨਾਮ ਜਪ ਅਧਿਆਤਮਿਕ ਮਾਰਗ ਸਵਾਰਨ ਦਾ ਆਦਰਸ਼ ਨਮੂਨਾ ਪੇਸ਼ ਕਰਦਾ ਹੈ ।ਗੁਰੂ ਜੀ ਨੇ ਅੰਮ੍ਰਿਤ ਸਰੋਵਰ ਅਤੇ ਚੱਕ ਰਾਮਦਾਸਪੁਰ ਸ਼ਹਿਰ ਵਸਾ ਕੇ ਇਕ ਵਪਾਰਕ ਅਤੇ ਅਧਿਆਤਮਕ ਕੇਂਦਰ ਸਾਡੀ ਝੋਲੀ ਵਿੱਚ ਪਾ ਦਿੱਤਾ। ਅਕਾਲ ਪੁਰਖ ਦੀ ਰਹਿਮਤ ਦੇ ਸਦਕਾ ਗੁਰੂ ਰਾਮਦਾਸ ਦੀ ਨਗਰੀ ਆਬਾਦ ਅਤੇ ਖੁਸ਼ਹਾਲ ਵੱਸ ਰਹੀ ਹੈ ਜੋ ਕਿ ਵਪਾਰਕ ਅਤੇ ਅਧਿਆਤਮ ਉਨਤੀ ਦਾ ਕੇਂਦਰ ਹੈ। ਉਹਨਾਂ ਨੇ ਸਾਰੇ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ ਅਤੇ ਬੱਚਿਆਂ ਦੀ ਕਾਰਜਗੁਜ਼ਾਰੀ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਸਕੂਲ ਦੀ ਚੜਦੀ ਕਲਾ ਲਈ ਸ਼ੁਭਕਾਮਨਾਵਾਂ ਭੇਂਟ ਕਰਦੇ ਹੋਏ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ।
0 Comments