ਰਹਿੰਦੀ ਦੁਨੀਆਂ ਤਕ ਪੰਜਾਬੀ ਗਾਇਕੀ ਦੇ ਗਗਨ ਵਿੱਚ ਕੁਲਦੀਪ ਮਾਣਕ ਦਾ ਨਾਂ ਧਰੂ ਤਾਰੇ ਵਾਂਗੂੰ ਚਮਕਦਾ ਰਹੇਗਾ । ਉਸਦੀ ਗਾਇਕੀ ਦਾ ਕੋਈ ਬਦਲ ਨਹੀਂ । ਨਾ ਤਾਂ ਏਹੇ ਬਦਲ ਉਸਦੇ ਸਮੇਂ ਵਿੱਚ ਸੀ ਤੇ ਨਾ ਹੁਣ ਬਾਅਦ ਵਿੱਚ ਕੋਈ ਬਦਲ ਸੰਭਵ ਹੈ। ਕੁਲਦੀਪ ਮਾਣਕ ਨੇ ਆਪਣੀ ਗਇਕੀ ਦੇ ਸਫਰ ਦੌਰਾਨ ਹਰੇਕ ਰੰਗ ਦੇ ਗੀਤ ਨੂੰ ਗਾਇਆ ਹੈ। ਉਸਨੇ ਦੋ-ਗਾਣਿਆਂ, ਕਲੀਆਂ, ਲੋਕ ਗਥਾਵਾਂ, ਧਾਰਮਿਕ ਗੀਤਾਂ ਰਾਹੀਂ ਆਪਣੀ ਬੁਲੰਦ ਆਵਾਜ਼ ਦਾ ਲੋਹਾ ਮੰਨਵਾਇਆ ਹੈ। ਕੁਲਦੀਪ ਮਾਣਕ ਦਾ ਜਨਮ ਬਾਬੇ ਮਰਦਾਨੇ ਦੀ ਕੁੱਲ ਵਿੱਚ ਜਨਮੇ ਪਿਤਾ ਸ੍ਰੀ ਨਿੱਕਾ ਖਾਂ ਦੇ ਘਰ ਮਾਂ ਬਦਾਨੋ ਦੀ ਸੁਲੱਖਣੀ ਕੁੱਖੋਂ ਪਿੰਡ ਜਲਾਲ ਜਿਲ੍ਹਾ ਬਠਿੰਡਾ ਵਿਖੇ 15 ਨਵੰਬਰ 1949 ਨੂੰ ਹੋਇਆ ਸੀ। ਉਸਦਾ ਬਚਪਨ ਦਾ ਨਾਂ ਲਤੀਫ਼ ਮੁਹੰਮਦ ਸੀ ਪ੍ਰੰਤੂ ਲਤੀਫ਼ ਮੁਹੰਮਦ ਨੂੰ ਘਰ ਵਿੱਚ ਅਕਸਰ "ਲੱਧਾ" ਕਹਿ ਕੇ ਹੀ ਬੁਲਾਇਆ ਜਾਂਦਾ ਸੀ। ਸਕੂਲ ਵਿੱਚ ਲੱਗਦੀਆਂ ਬਾਲ ਸਭਾਵਾਂ ਦੌਰਾਨ ਉਹ ਅਧਿਆਪਕਾ ਦਾ ਚਹੇਤਾ ਕਲਾਕਾਰ ਸੀ ਹੋਰ ਤਾਂ ਹੋਰ ਉਹ ਸਕੂਲ ਸਮੇਂ ਬਾਲ ਸਭਾਵਾਂ ਦੌਰਾਨ ਨਾਟਕ ਮੰਡਲੀਆਂ ਵਲੋਂ ਖੇਡੇ ਜਾਂਦੇ ਨਾਟਕਾਂ ਵਿੱਚ ਭਗਤ ਸਿੰਘ ਦਾ ਰੋਲ ਵੀ ਕਰਦਾ ਸੀ । ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਜਦੋਂ ਸਕੂਲ ਦੇ ਇੱਕ ਪ੍ਰੋਗਰਾਮ ਦੌਰਾਨ ਕੁਲਦੀਪ ਮਾਣਕ ਨੂੰ ਗਾਉਂਦਿਆਂ ਸੁਣਿਆ ਤਾਂ ਉਨ੍ਹਾਂ ਦੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ "ਇਹ ਮੁੰਡਾ ਤਾਂ ਮਣਕਾ ਐ ਮਣਕਾ"। ਮਣਕਾ ਸ਼ਬਦ ਉਸ ਲਈ ਭਾਗਾਂ ਭਰਿਆ ਸਾਬਿਤ ਹੋਇਆ ਤੇ ਉਸਨੇ ਆਪਣੇ ਨਾਂ ਨਾਲ ਮਾਣਕ ਸ਼ਬਦ ਤਖ਼ਲਸ ਵਜੋਂ ਵਰਤਿਆ ਤੇ ਉਹ ਲਤੀਫ਼ ਮੁਹੰਮਦ ਤੋਂ ਕੁਲਦੀਪ ਮਾਣਕ ਬਣ ਗਿਆ।
ਸਮੇਂ ਦੇ ਗੇੜ ਨਾਲ ਗਾਇਕੀ ਦੇ ਪਿੜ ਵਿੱਚ ਪੱਕੇ ਪੈਂਰੀਂ ਖੜ੍ਹਨ ਲਈ ਕੁਲਦੀਪ ਮਾਣਕ ਨੇ ਆਪਣਾ ਪਿੰਡ ਜਲਾਲ ਛੱਡ ਦਿੱਤਾ ਅਤੇ ਗਾਇਕਾਂ ਦੀ ਨਗਰੀ ਵਜੋਂ ਮਸ਼ਹੂਰ ਸ਼ਹਿਰ ਲੁਧਿਆਣੇ ਆ ਗਿਆ। ਉਸਨੇ ਉਸਤਾਦ ਖੁਸ਼ੀ ਮੁਹੰਮਦ ਕਵਾਲ ਫਿਰੋਜ਼ਪੁਰ ਤੋਂ ਸੰਗੀਤ ਦੀ ਸਿਖਿਆ ਪ੍ਰਾਪਤ ਕੀਤੀ ਅਤੇ ਹਰਚਰਨ ਗਰੇਵਾਲ ਦੇ ਨਾਲ ਸਟੇਜੀ ਸਾਥ ਕਰਨਾ ਸ਼ੁਰੂ ਕਰ ਦਿੱਤਾ। ਏਸੇ ਦੌਰਾਨ ਸਿਰਫ 19 ਕੁ ਵਰ੍ਹਿਆ ਦੀ ਉਮਰ ਵਿੱਚ 1968 ਵਿੱਚ ਪੰਜਾਬੀ ਗਾਇਕੀ ਦੇ ਪਿੜ ਵਿੱਚ ਪੈਰ ਧਰਨ ਲੱਗਿਆਂ ਉਸਦਾ ਪਹਿਲਾ ਦੋ-ਗਾਣਾ ਉਸ ਸਮੇਂ ਦੀ ਪ੍ਰਸਿੱਧ ਗਾਇਕਾ ਸੀਮਾ ਗਰੇਵਾਲ ਦੇ ਨਾਲ ਗੀਤਕਾਰ ਬਾਬੂ ਸਿੰਘ ਮਾਨ ਮਰਾੜ੍ਹਾਂ ਦੇ ਲਿਖੇ ਗੀਤ "ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ ਦੀ ਕੁੜੀ" ਨੂੰ ਐਚਐਮਵੀ ਨੇ ਰਲੀਜ਼ ਕੀਤਾ ਸੀ ਜੋ ਬੇਹੱਦ ਮਕਬੂਲ ਹੋਇਆ ਸੀ ਕਿਉਂਕਿ ਉਨਾਂ ਦਿਨਾਂ ਵਿੱਚ ਦੋ-ਗਾਣਾ ਗਾਇਕੀ ਦਾ ਵੇਲਾ ਸੀ । ਬੇਸ਼ਕ ਮਾਣਕ ਦਾ ਏਹੇ ਦੋ-ਗਾਣਾ ਕਾਫੀ ਸੁਣਿਆ ਗਿਆ ਸੀ ਪਰ ਜਦੋਂ ਐਚਐਮਵੀ ਕੰਪਨੀ ਨੇ ਕਰਨੈਲ ਜਲਾਲ ਦੇ ਲਿਖੇ ਗੀਤ "ਮਾਂ ਮਿਰਜ਼ੇ ਦੀ ਬੋਲਦੀ" ਪਹਿਲੇ ਈ.ਪੀ. ਰਿਕਾਰਡ ਨੂੰ ਰਲੀਜ਼ ਕੀਤਾ ਤਾਂ ਮਾਣਕ ਦੀ ਗਾਇਕੀ ਦਾ ਵੱਖਰਾ ਹੀ ਰੰਗ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਹਰਦੇਵ ਦਿਲਗੀਰ {ਥਰੀਕਿਆਂਵਾਲਾ} ਦੀ ਪ੍ਰੇਰਨਾ ਸਦਕਾ ਕੁਲਦੀਪ ਮਾਣਕ ਨੇ ਲੋਕ ਗਥਾਵਾਂ ਗਾਉਣ ਨੂੰ ਹੀ ਤਰਜੀਹ ਦਿੱਤੀ ਜਿਸਦੇ ਨਤੀਜੇ ਵਜੋਂ ਲੋਕ ਗਥਾਵਾਂ ਦਾ ਈ.ਪੀ. ਰਿਕਾਰਡ "ਪੰਜਾਬ ਦੀਆਂ ਲੋਕ ਗਥਾਵਾਂ" 1974 ਵਿੱਚ ਐਚਐਮਵੀ ਨੇ ਰਲੀਜ਼ ਕੀਤਾ ਜਿਸ ਵਿੱਚ ਹਰਦੇਵ ਦਿਲਗੀਰ ਦੀਆਂ ਲਿਖੀਆਂ ਲੋਕ-ਗਥਾਵਾਂ ਬੇਹੱਦ ਮਕਬੂਲ ਹੋਈਆਂ ਜਿੰਨ੍ਹਾਂ ਵਿੱਚ ਜੈਮਲ ਫੱਤਾ, ਪੂਰਨ ਤੇ ਰਸਾਲੂ ਦੀਆਂ ਲੋਕ ਗਥਾਵਾਂ ਨੇ ਮਾਣਕ ਦੀ ਆਪਣੀ ਵੱਖਰੀ ਪਛਾਣ ਬਣਾਈ।1975 ਵਿੱਚ ਕੁਲਦੀਪ ਮਾਣਕ ਦਾ ਵਿਆਹ ਸਰਬਜੀਤ ਕੌਰ ਨਾਲ ਹੋਇਆ। ਉਸਦੀ ਜੀਵਨ ਸਾਥਣ ਸਰਬਜੀਤ ਕੌਰ ਦਾ ਸੰਯੋਗ ਵੀ ਉਸ ਲਈ ਬੇਹੱਦ ਭਾਗਾਂ ਭਰਿਆ ਸਾਬਤ ਹੋਇਆ ਕਿਉਂਕਿ 1976 ਵਿੱਚ ਜਦੋਂ ਐਚਐਮਵੀ ਨੇ ਕੁਲਦੀਪ ਮਾਣਕ ਦਾ ਐਲ.ਪੀ. ਰਿਕਾਰਡ "ਇੱਕ ਤਾਰਾ" ਸੰਗੀਤਕਾਰ ਕੇਸਰ ਸਿੰਘ ਨਰੂਲਾ ਦੇ ਸੰਗੀਤ ਹੇਠ ਰਲੀਜ਼ ਕੀਤਾ ਤਾਂ ਉਸ ਵਿੱਚ ਹੀਰ ਦੀ ਕਲੀ "ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਆ ਹੀਰ ਦੀ" ਨੇ ਮਾਣਕ ਦੀ ਚਾਰ ਚੁਫੇਰੇ ਬੱਲੇ ਬੱਲੇ ਕਰਵਾ ਦਿੱਤੀ ਸੀ ।
ਕੁਲਦੀਪ ਮਾਣਕ ਦੇ ਸੈਂਕੜੇ ਹੀ ਧਾਰਿਮਕ ਗੀਤ ਹਿੱਟ ਹੋਏ ਜਿੰਨ੍ਹਾਂ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ, ਸਿੱਖੀ ਦੀਆਂ ਜੜ੍ਹਾਂ, ਝੰਡੇ ਖਾਲਸਾ ਰਾਜ ਦੇ, ਭਗਤ ਸਿੰਘ, ਭਾਈ ਮਤੀ ਦਾਸ ਗੁਰੂ ਦਾ ਪਿਆਰਾ, ਸਤਿਨਾਮ ਵਾਹਿਗੁਰੂ ਬੋਲ ਸੰਗਤੇ, ਮੱਸਾ ਰੰਗੜ, ਖ਼ਾਲਸੇ ਪੰਜਾਬ ਦੇ, ਸਭ ਤੋਂ ਨਿਆਰਾ ਖ਼ਾਲਸਾ ਆਦਿ ਦਾ ਨਾਂ ਸ਼ਾਮਲ ਹੈ। ਬੇਸ਼ਕ ਕੁਲਦੀਪ ਮਾਣਕ ਨੇ ਬਹੁਤੇ ਗੀਤ ਦੇਵ ਥਰੀਕੇਵਾਲਾ ਵਾਲੇ ਦੇ ਲਿਖੇ ਹੀ ਗਾਏ ਹਨ ਪ੍ਰੰਤੂ ਦਲੀਪ ਸਿੱਧੂ ਕਣਕਵਾਲੀਆਂ, ਗੁਰਦੇਵ ਮਾਨ, ਕਰਨੈਲ ਜਲਾਲ, ਰਾਮ ਸਿੰਘ ਢਿੱਲੋਂ, ਬਚਨ ਬੇਦਿਲ, ਬਿੱਕਰ ਮਹਿਰਾਜ, ਰਾਮ ਸਿੰਘ ਢਿੱਲੋਂ, ਪਾਲੀ ਦੇਤਵਾਲੀਆ, ਗਿੱਲ ਜੱਬੋ ਮਾਜਰੇ ਵਾਲਾ, ਗਿੱਲ ਨੱਥੋਹੇੜੀਵਾਲਾ, ਗਿੱਲ ਮਹਿਲਾਂ ਵਾਲਾ ਸਮੇਤ ਸੌ ਦੇ ਕਰੀਬ ਗੀਤਕਾਰਾਂ ਦੇ ਗੀਤ ਰਿਕਾਰਡ ਕਰਵਾਏ ਹਨ । ਕੁਲਦੀਪ ਮਾਣਕ ਨੇ ਆਪਣੇ ਗਾਇਕੀ ਦੇ ਸਫਰ ਦੌਰਾਨ ਅਨੇਕਾਂ ਗਾਇਕਾਵਾਂ ਨਾਲ ਰਿਕਾਰਡਿੰਗ ਕਰਵਾਈ ਸੀ ਜਿੰਨਾਂ ਵਿੱਚੋਂ ਸੀਮਾ ਗਰੇਵਾਲ, ਪ੍ਰਕਾਸ਼ ਸੋਢੀ, ਸਵਰਨ ਲਤਾ, ਸੁਖਵੰਤ ਕੌਰ, ਸਤਿੰਦਰ ਬੀਬਾ, ਕੁਲਦੀਪ ਕੌਰ, ਅਮਰਜੋਤ, ਅਮਰ ਨੂਰੀ, ਸੁਚੇਤ ਬਾਲਾ ਅਤੇ ਗੁਲਸ਼ਨ ਕੋਮਲ ਦੇ ਨਾਲ ਹਿੱਟ ਦੋ-ਗਾਣੇ ਆਪਣੇ ਸਰੋਤਿਆਂ ਨੂੰ ਸੁਣਨ ਲਈ ਦਿੱਤੇ ਹਨ। ਏਹੀ ਨਹੀਂ ਮਾਣਕ ਨੇ ਆਪਣੇ ਸਮਕਾਲੀ ਸਾਥੀ ਕਲਾਕਾਰਾਂ ਦੇ ਨਾਲ ਗਾਇਆ ਵੀ ਹੈ ਤੇ ਉਨ੍ਹਾਂ ਨੂੰ ਆਪਣੇ ਨਾਲ ਗਵਾਇਆ ਵੀ ਹੈ । ਜਿੰਨਾਂ ਵਿੱਚ ਕਰਤਾਰ ਰਮਲਾ, ਸੁਰਿੰਦਰ ਛਿੰਦਾ, ਪ੍ਰੀਤਮ ਬਰਾੜ ਅਤੇ ਸੁਰਜੀਤ ਬਿੰਦਰਿਖੀਏ ਦਾ ਨਾਂ ਵਰਨਣਯੋਗ ਹੈ।
ਕੁਲਦੀਪ ਮਾਣਕ ਦੇ ਭਾਵੇਂ ਸਾਰੇ ਦੇ ਸਾਰੇ ਗੀਤ ਹਿੱਟ ਹੋਏ ਹਨ ਪ੍ਰੰਤੂ ਡੋਲੀ ਦੇ ਵਿੱਚ ਵੇਖ ਸਲੇਟੀ, ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਆ ਹੀਰ ਦੀ, ਰਾਂਝਾ ਜੋਗੀ ਹੋ ਗਿਆ, ਛੇਤੀ ਕਰ ਸਰਵਣ ਪੁੱਤਰਾ, ਮੇਰੇ ਯਾਰ ਨੂੰ ਮੰਦਾ ਨਾ ਬੋਲੀ, ਮਾਂ ਹੰਦੀ ਏ ਮਾਂ, ਸਾਹਿਬਾਂ ਬਣੀ ਭਰਾਵਾਂ ਦੀ, ਸਾਹਿਬਾਂ ਮਿੰਨਤਾਂ ਕਰਦੀ ਆ, ਤੂੰ ਨਾ ਮੁੱਕੇ ਨੀ ਸ਼ਰਾਬ ਦੀਏ ਬੋਤਲੇ, ਇੱਕ ਵੀਰ ਦੇਈਂ ਵੇ ਰੱਬਾ, ਜੁਗਨੀ ਯਾਰਾਂ ਦੀ, ਗੋਲੀ ਮਾਰੋ ਇਹੋ ਜੇ ਬਨਾਉਟੀ ਯਾਰ ਦੇ ਤੋਂ ਇਲਾਵਾ ਸੈਂਕੜੇ ਗੀਤਾਂ ਨੇ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਪਣੀ ਵੱਖਰੀ ਥਾਂ ਬਣਾਈ ਹੈ ।
ਮਾਣਕ ਹੀ ਅਜਿਹਾ ਕਲਾਕਾਰ ਸੀ ਜਿਸਦੇ ਅਖਾੜੇ ਨੂੰ ਸੁਨਣ ਲਈ ਬਜੁਰਗ ਔਰਤਾਂ ਤੋਂ ਇਲਾਵਾ ਪਿੰਡ ਦੀਆਂ ਧੀਆਂ ਭੈਣਾਂ ਵੀ ਹੁੰਮ-ਹੁੰਮਾਕੇ ਪੁੱਜਦੀਆਂ ਸਨ । ਬਜੁਰਗ ਮਾਵਾਂ ਨੂੰ ਇਸ ਗੱਲ ਦੀ ਉਡੀਕ ਹੁੰਦੀ ਸੀ ਕਿ ਇੱਕ ਮਾਣਕ ਹੀ ਹੈ ਜੋ ਆਪਣੇ ਗੀਤ "ਓ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ, ਓ ਮਾਂ ਹੈ ਠੰਡੜੀ ਛਾਂ, ਓ ਦੁਨੀਆਂ ਵਾਲਿਓ" ਰਾਹੀਂ ਉਨ੍ਹਾਂ ਦੀ ਗੱਲ ਕਰਦਾ ਹੈ ਤੇ ਕੁੜੀਆਂ ਨੂੰ ਇਸ ਗੱਲ ਦਾ ਮਾਣ ਸੀ ਕਿ ਮਾਣਕ ਆਪਣੇ ਇਸ ਗੀਤ "ਇੱਕ ਵੀਰ ਦੇਈਂ ਵੇ ਰੱਬਾ, ਸਹੁੰ ਖਾਣ ਨੂੰ ਬੜਾ ਹੀ ਚਿੱਤ ਕਰਦਾ" ਰਾਹੀਂ ਰੱਬ ਅੱਗੇ ਸਾਡੇ ਭਲੇ ਲਈ ਅਰਦਾਸਾਂ ਬੇਨਤੀਆਂ ਕਰਦਾ ਹੈ। ਕੁੜੀਆਂ ਤਾਂ ਓਦੋਂ ਹੋਰ ਵੀ ਭਾਵੁਕ ਹੋ ਜਾਂਦੀਆਂ ਸਨ ਜਦੋਂ ਮਾਣਕ ਗੀਤ ਰਾਹੀਂ ਇਹ ਗਾਉਂਦਾ ਹੋਇਆ ਕਹਿੰਦਾ ਹੈ "ਹੋਇਆ ਕੀ ਜੇ ਧੀ ਜੰਮ ਪਈ, ਚੱਲੋ ਕੁੱਖ ਤਾਂ ਸੁਲੱਖਣੀ ਹੋਈ" ਜਾਂ "ਸਾਉਣ ਮਹੀਨਾ ਕਿਣ-ਮਣ ਕਣੀਆਂ ਗਲੀਆਂ ਦੇ ਵਿੱਚ ਗਾਰਾ, ਲੈ ਕੇ ਆਇਆ ਨੀ ਮੇਰਾ ਵੀਰ ਸੰਧਾਰਾ" ਆਦਿ ਗੀਤਾਂ ਰਾਹੀਂ ਕੁਲਦੀਪ ਮਾਣਕ ਹਰ ਵਰਗ ਦਾ ਚਹੇਤਾ ਕਲਾਕਾਰ ਹੋ ਨਿਬੜਦਾ ਸੀ । ਸਿਰਫ ਏਹੀ ਨਹੀਂ 'ਵੀਰ ਊਠਾ ਵਾਲਿਓ ਵੇ ਲੈ ਜੋ ਇੱਕ ਸੁਨੇਹਾ ਮੇਰਾ' 'ਇੱਛਰਾਂ ਥਾਹਾਂ ਮਾਰਦੀ ਨਾਲੇ ਦੇਵੇ ਦੁਹਾਈਆਂ' ਵਰਗੇ ਗੀਤ ਦਿਲਾਂ ਨੂੰ ਧੂਹ ਪਾਉਣ ਵਾਲੇ ਹੁੰਦੇ ਸਨ। ਉਸਨੇ ਪੱਥਰ ਦੇ ਤਵਿਆਂ ਤੋਂ ਲੈ ਕੇ ਕੈਸਿਟ ਯੁੱਗ ਤਕ ਸੈਂਕੜੇ ਹੀ ਗੀਤ ਆਪਣੇ ਸਰੋਤਿਆਂ ਦੀ ਝੋਲੀ ਵਿੱਚ ਪਾਏ। ਇਸ ਤੋਂ ਇਲਾਵਾ ਉਸਨੇ ਅਨੇਕਾਂ ਹੀ ਕਈ ਵੱਡੇ ਸੰਗੀਤਕਾਰਾਂ ਦੇ ਸੰਗੀਤ ਦਾ ਅਨੰਦ ਮਾਣਿਆ ਹੈ।
ਕੁਲਦੀਪ ਮਾਣਕ ਦੇ ਬਹੁਤ ਹੀ ਨੇੜਲੇ ਸਾਥੀ ਸ. ਚੰਦ ਸਿੰਘ ਧਾਲੀਵਾਲ (ਵਾਸੀ ਆਕਲੀਆ ਜਲਾਲ) ਦੇ ਕਹਿਣ ਅਨੁਸਾਰ ਇੱਕ ਬਹੁਤ ਹੀ ਹੈਰਾਨੀਜਨਕ ਤੱਥ ਹੈ ਜੋ ਵਿਚਾਰਨਯੋਗ ਵੀ ਹੈ ਕਿ ਕੁਲਦੀਪ ਮਾਣਕ ਮੁਸਲਿਮ ਧਰਮ ਨਾਲ ਸੰਬੰਧ ਰੱਖਦਾ ਹੋਇਆ ਵੀ ਸਿੱਖ ਧਰਮ ਨੂੰ ਕਿੰਨਾ ਸਤਿਕਾਰ ਦਿੰਦਾ ਸੀ ਇਹ ਆਪਣੇ ਆਪ ਵਿੱਚ ਇੱਕ ਮਿਸਾਲ ਹੀ ਹੈ। ਉਸਨੇ ਆਪਣੇ ਗਾਇਕੀ ਜੀਵਨ ਦੌਰਾਨ ਸਿੱਖ ਇਤਿਹਾਸ ਨਾਲ ਸੰਬੰਧਤ ਤਿੰਨ ਦਰਜਨ ਤੋਂ ਵੀ ਵੱਧ ਕੈਸਿਟਾਂ ਆਪਣੇ ਸਰੋਤਿਆਂ ਨੂੰ ਸੁਨਣ ਲਈ ਦਿੱਤੀਆਂ। ਪਰ ਸਮੇਂ ਦੀਆਂ ਸਰਕਾਰਾਂ ਨੇ ਕੁਲਦੀਪ ਮਾਣਕ ਦਾ ਬਣਦਾ ਸਤਿਕਾਰ ਨਹੀਂ ਕੀਤਾ। "ਬਾਬਾ ਬੰਦਾ ਸਿੰਘ ਬਹਾਦਰ" ਦੀ ਵਾਰ ਉਸ ਲਈ ਏਨੀ ਮਹੱਤਵ ਪੂਰਨ ਸੀ ਕਿ ਕਿਤੇ ਵੀ ਕਿਸੇ ਵੀ ਵਿਆਹ ਆਦਿ ਦੇ ਪ੍ਰੋਗਰਾਮ ਦੀ ਸ਼ੁਰੂਆਤ ਉਹ ਹਮੇਸ਼ਾ 'ਬਾਬਾ ਬੰਦਾ ਸਿੰਘ ਬਹਾਦਰ' ਦੀ ਵਾਰ ਨਾਲ ਹੀ ਕਰਦਾ ਸੀ । ਧਾਲੀਵਾਲ ਨੇ ਹੋਰ ਵੀ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਸ਼ਾਸਨ ਕਾਲ ਦੌਰਾਨ ਸਰਕਾਰ ਨੇ "ਗ੍ਰਾਮ ਰਖਸ਼ਾ ਦਲ" (ਜੀ.ਆਰ.ਡੀ.) ਨਾਂ ਦੀ ਇੱਕ ਸੰਸਥਾ ਦੀ ਸਥਾਪਨਾ ਕੀਤੀ ਸੀ। ਇਸ ਸੰਸਥਾ ਦਾ ਮੁੱਖ ਕੰਮ ਪਿੰਡਾਂ ਵਿੱਚ ਲੋਕਾਂ ਨੂੰ ਸੁਰੱਖਿਆ ਸੰਬੰਧੀ ਜਾਗਰੂਕ ਕਰਨਾ ਹੁੰਦਾ ਸੀ ਤੇ ਕੁਲਦੀਪ
ਮਾਣਕ ਇਸ ਸੰਸਥਾ ਦੀਆਂ ਇਕੱਤਰਤਾਵਾਂ ਦੌਰਾਨ ਲੋਕਾਂ ਦਾ ਮਨੋਰੰਜਨ ਕਰਨ ਲਈ ਪ੍ਰੋਗਰਾਮ ਕਰਦਾ ਹੁੰਦਾ ਸੀ।
ਪੰਜਾਬੀ ਫਿਲਮਾਂ ਵਿੱਚ ਪਿੱਠਵਰਤੀ ਗਾਇਕ ਵਜੋਂ ਕੁਲਦੀਪ ਮਾਣਕ ਸਫਲ ਗਇਕ ਸੀ । ਫਿਲਮ "ਸੈਦਾ ਜੋਗਣ" ਵਿੱਚ "ਆਹ ਲੈ ਸਾਂਭ ਲੈ ਨੀ ਸੈਦੇ ਦੀਏ ਨਾਰੇ, ਸਾਥੋਂ ਨੀ ਮੱਝਾਂ ਚਾਰ ਹੁੰਦੀਆਂ" ਗੀਤ ਰਾਹੀਂ ਕੁਲਦੀਪ ਮਾਣਕ ਦੀ ਐਂਟਰੀ ਨੂੰ ਪੰਜਾਬੀ ਫਿਲਮ ਇੰਡਸਟਰੀ ਨੇ ਫਿਲਮਾਂ ਦੀ ਸਫਲਤਾ ਲਈ ਭਰਪੂਰ ਲਾਹਾ ਲਿਆ। ਫਿਲਮ "ਲੰਬੜਦਾਰਨੀ" ਵਿੱਚ ਉਸਦੇ ਗਾਏ ਗੀਤ "ਜੀ ਟੀ ਰੋਡ ਤੇ ਦੁਹਾਈਆ ਪਾਵੇ ਨੀ ਯਾਰਾਂ ਦਾ ਟਰੱਕ ਬੱਲੀਏ" ਨੇ ਸਿਨਮਿਆਂ ਦੀਆਂ ਖਿੜਕੀਆਂ ਤੇ ਦਰਸ਼ਕਾਂ ਦੀ ਭੀੜ ਜੁਟਾਉਣ ਦਾ ਤਜਰਬਾ ਸਫਲ ਰਿਹਾ। ਇਨ੍ਹਾਂ ਫਿਲਮਾਂ ਦੇ ਸਫਲ ਹੋਣ ਤੋਂ ਬਾਅਦ ਕੁਲਦੀਪ ਮਾਣਕ ਨੇ ਚੰਨ ਗੁਰਾਇਆ ਵਾਲੇ ਦੇ ਨਾਲ ਰਲਕੇ "ਬਲਬੀਰੋ ਭਾਬੀ" ਫਿਲਮ ਦਾ ਨਿਰਮਾਣ ਵੀ ਕੀਤਾ ਸੀ। ਇਸ ਫਿਲਮ ਵਿੱਚ ਉਸਨੇ ਅਦਾਕਾਰੀ ਕਰਨ ਦਾ ਸ਼ੌਂਕ ਵੀ ਪੂਰਾ ਕੀਤਾ। ਇਸ ਤੋਂ ਇਲਾਵਾ 'ਬਗਾਵਤ', 'ਰੂਪ ਸ਼ੁਕੀਨਣ ਦਾ', 'ਵਿਹੜਾ ਲੰਬੜਾਂ ਦਾ', 'ਜੱਟ ਯੋਧੇ', 'ਭਗਤ ਸੂਰਮਾ', 'ਸੱਸੀ ਪੁੰਨੂੰ', 'ਗੀਤਾਂ ਦਾ ਵਣਜਾਰਾ' ਆਦਿ ਪੰਜਾਬੀ ਫਿਲਮ ਵਿੱਚ ਪਿੱਠਵਰਤੀ ਗਾਇਕ ਵਜੋਂ ਸਫਲਤਾ ਹਾਸਲ ਕੀਤੀ ਸੀ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੁਲਦੀਪ ਮਾਣਕ ਨੇ ਪੰਜਾਬੀ ਗਾਇਕੀ ਉੱਤੇ ਆਪਣੀ ਬੁਲੰਦ ਆਵਾਜ਼ ਦੇ ਸਦਕੇ ਚਾਰ ਦਹਾਕੇ ਰਾਜ ਕੀਤਾ ਹੈ । ਗੀਤਕਾਰ ਦੇਵ ਥਰੀਕੇ ਵਾਲਾ ਅਤੇ ਕੁਲਦੀਪ ਮਾਣਕ ਦੀ ਜੋੜੀ ਨੇ ਲੋਕ ਗਥਾਵਾਂ ਦੇ ਅਮੁੱਲ ਖਜਾਨੇ ਨੂੰ ਕਲੀਆਂ ਦੇ ਰੂਪ ਵਿੱਚ ਸੰਭਾਲਕੇ ਅਮਰ ਕਰਨ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ । ਸੱਚ-ਮੁੱਚ ਹੀ ਮਾਣਕ ਹਰੇਕ ਉਮਰ ਦੇ ਸਰੋਤੇ ਵਰਗ ਦਾ ਹਰਮਨ ਪਿਆਰਾ ਕਾਲਕਾਰ ਸੀ।
ਇਹ ਗੱਲ ਸੱਚ ਹੀ ਕਿ ਬੰਦਾ ਦਿਹਾੜੀ ਵਿੱਚ ਇੱਕ ਵਾਰ ਸੱਚ ਬੋਲਦਾ ਹੈ ਤੇ ਇਹ ਸੱਚ ਕੁਲਦੀਪ ਮਾਣਕ ਨੇ ਆਪਣੇ ਤੁਰ ਜਾਣ ਤੋਂ ਪਹਿਲਾਂ ਆਪਣੇ ਇਸ ਗੀਤ ਰਾਹੀਂ ਬੋਲ ਦਿਤਾ ਸੀ "ਜਦੋਂ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ, ਫੇਰ ਇਸ ਦੁਨੀਆਂ ਨੂੰ ਡਾਢਾ ਯਾਦ ਆਵਾਂਗਾ" ਤੇ ਫਿਰ ਸੱਚਮੁੱਚ ਹੀ 30 ਨਵੰਬਰ 2011 ਨੂੰ ਚੰਦਰੀ ਮੌਤ ਨੇ ਪੰਜਾਬੀ ਗਾਇਕੀ ਦੇ ਇਸ ਸ਼ਾਹ-ਅਸਵਾਰ ਨੂੰ ਆਪਣੀ ਬੁੱਕਲ ਵਿੱਚ ਲੁਕੋ ਲਿਆ ਤੇ ਉਸਦੀ ਪਤਨੀ ਸਰਬਜੀਤ, ਬੇਟਾ ਯੁੱਧਵੀਰ ਮਾਣਕ, ਧੀ ਸ਼ਕਤੀ ਸਮੇਤ ਲੱਖਾਂ ਸੰਗੀਤ ਪ੍ਰੇਮੀਆਂ ਨੂੰ ਵਿਲਕਦੇ ਛੱਡਕੇ ਕੁਲਦੀਪ ਮਾਣਕ ਕਿਸੇ ਅਣਦੱਸੀ ਥਾਂ ਤੇ ਚੱਲਿਆ ਗਿਆ। ਜਿੱਥੋਂ ਕਦੇ ਕੋਈ ਮੁੜਿਆ ਨਹੀਂ।
ਮੁੱਕਦੀ ਗੱਲ ਦੋ ਗੱਲਾਂ ਕੁਲਦੀਪ ਮਾਣਕ ਦੇ ਪਰਿਵਾਰ ਦੀ ਮੌਜੂਦਾ ਹਾਲਤ ਬਾਰੇ : ਮਾਣਕ ਦੇ ਹੁੰਦਿਆਂ ਹੀ ਉਸਦੇ ਪੁੱਤਰ ਯੁੱਧਵੀਰ ਮਾਣਕ ਨੂੰ ਬਰੇਨ ਹੈਮਰਜ਼ ਦਾ ਅਟੈਕ ਹੋ ਚੁੱਕਾ ਸੀ । ਪੁੱਤਰ ਦਾ ਗ਼ਮ ਵੀ ਮਾਣਕ ਲਈ ਜਾਨਲੇਵਾ ਸਾਬਿਤ ਹੋਇਆ ਸੀ। ਮੌਜੂਦਾ ਸਮੇਂ ਦੌਰਾਨ ਯੁੱਧਵੀਰ ਮਾਣਕ ਜ਼ਿੰਦਗੀ ਪ੍ਰਤੀ ਪੂਰੀ ਸ਼ੁਧ-ਬੁਧ ਨਹੀਂ ਰੱਖਦਾ । ਜਿਹੜੀਆਂ ਸੰਸਥਾਵਾਂ ਕੁਲਦੀਪ ਮਾਣਕ ਦੇ ਜਿਉਂਦੇ ਜੀਅ ਉਸਨੂੰ 'ਲੋਕ-ਗਥਾਵਾਂ ਦਾ ਬਾਦਸ਼ਾਹ', 'ਪੰਜਾਬ ਦਾ ਮਾਣ' ਆਦਿ ਅਨੇਕਾਂ ਹੀ ਰੁਤਬੇ ਦੇ ਕੇ ਸਨਮਾਨਿਤ ਕਰਦੀਆਂ ਸਨ ਅੱਜ ਉਨ੍ਹਾਂ ਨੂੰ ਪਰਿਵਾਰ ਦੀ ਮੌਜੁਦਾ ਹਾਲਤ ਤੋਂ ਵੀ ਜਰੂਰ ਜਾਣੂੰ ਹੋਣਾ ਚਾਹੀਦਾ ਹੈ। ਸਮਾਜਿਕ ਸੰਸਥਾਵਾਂ ਜਾਂ ਸਾਡੀਆਂ ਸਰਕਾਰਾਂ ਨੂੰ ਇਸ ਮਹਾਨ ਗਾਇਕ ਦੇ ਪਰਿਵਾਰ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ।
ਸ. ਸ. ਰਮਲਾ, ਸੰਗਰੂਰ ।
ਸੰਪਰਕ: 98722-50956


0 Comments