5 ਦਸੰਬਰ ਨੂੰ ਹੋਵੇਗੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ, 6 ਦਸੰਬਰ ਨੂੰ ਦੁਪਹਿਰ 3 ਵਜੇ ਤੱਕ ਵਾਪਸ ਲਈਆਂ ਜਾ ਸਕਦੀਆਂ ਨੇ ਨਾਮਜ਼ਦਗੀਆਂ
ਜਲੰਧਰ, 4 ਦਸੰਬਰ (ਅਮਰਜੀਤ ਸਿੰਘ)- ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਜਲੰਧਰ ਵਿੱਚ 14 ਦਸੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਦੇ 21 ਅਤੇ 11 ਪੰਚਾਇਤ ਸੰਮਤੀਆਂ ਦੇ 188 ਜ਼ੋਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਪ੍ਰਾਪਤ ਕਰਨ ਦੇ ਅੱਜ ਆਖਰੀ ਦਿਨ ਤੱਕ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 114 ਅਤੇ ਪੰਚਾਇਤ ਸੰਮਤੀਆਂ ਲਈ ਕੁੱਲ 745 ਨਾਮਜ਼ਦਗੀਆਂ ਦਾਖ਼ਲ ਹੋਈਆਂ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਲਈ ਕੁੱਲ 114 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਹਨ ਜਦਕਿ ਪੰਚਾਇਤ ਸੰਮਤੀ ਰੁੜਕਾਂ ਕਲਾ ਲਈ ਕੁੱਲ 56, ਪੰਚਾਇਤ ਸੰਮਤੀ ਜਲੰਧਰ ਪੂਰਬੀ ਲਈ 64, ਪੰਚਾਇਤ ਸੰਮਤੀ ਜਲੰਧਰ ਪੱਛਮੀ ਲਈ 66, ਪੰਚਾਇਤ ਸੰਮਤੀ ਨੂਰਮਹਿਲ ਲਈ 68, ਪੰਚਾਇਤ ਸੰਮਤੀ ਲੋਹੀਆਂ ਖਾਸ ਲਈ 46, ਪੰਚਾਇਤ ਸੰਮਤੀ ਸ਼ਾਹਕੋਟ ਲਈ 73, ਪੰਚਾਇਤ ਸੰਮਤੀ ਨਕੋਦਰ ਲਈ 79, ਪੰਚਾਇਤ ਸੰਮਤੀ ਮਹਿਤਪੁਰ ਲਈ 56, ਪੰਚਾਇਤ ਸੰਮਤੀ ਆਦਮਪੁਰ ਲਈ 85, ਪੰਚਾਇਤ ਸੰਮਤੀ ਭੋਗਪੁਰ ਲਈ 64 ਅਤੇ ਪੰਚਾਇਤ ਸੰਮਤੀ ਫਿਲੌਰ ਲਈ ਕੁੱਲ 88 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ।
ਡਾ. ਅਗਰਵਾਲ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ 2025 ਨੂੰ ਹੋਵੇਗੀ ਅਤੇ ਨਾਮਜ਼ਦਗੀਆਂ 6 ਦਸੰਬਰ 2025 ਸ਼ਾਮ 3 ਵਜੇ ਤੱਕ ਵਾਪਸ ਲਈਆਂ ਜਾ ਸਕਦੀਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ 14 ਦਸੰਬਰ 2025 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਦੀ ਵਰਤੋਂ ਨਾਲ ਪੈਣਗੀਆਂ ਅਤੇ ਪੋਲ ਹੋਈਆਂ ਵੋਟਾਂ ਦੀ ਗਿਣਤੀ 17 ਦਸੰਬਰ 2025 ਨੂੰ ਸਵੇਰੇ 8 ਵਜੇ ਤੋਂ ਹੋਵੇਗੀ।

0 Comments