ਜਲੰਧਰ, 2 ਦਸੰਬਰ (ਅਮਰਜੀਤ ਸਿੰਘ)- ਚੇਤਨਾ ਪ੍ਰਾਜੈਕਟ, ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੀ ਵਿਦਿਆਰਥੀਆਂ ਨੂੰ ਜ਼ਰੂਰੀ, ਵਿਹਾਰਕ ਅਤੇ ਭਵਿੱਖ ਲਈ ਤਿਆਰ (ਫਿਊਚਰ ਰੇਡੀ) ਜੀਵਨ ਹੁਨਰਾਂ ਨਾਲ ਲੈਸ ਕਰਨ ਦੀ ਅਹਿਮ ਜ਼ਿਲ੍ਹਾ ਵਿਆਪੀ ਪਹਿਲ ਹੈ, ਜੋ 28 ਨਵੰਬਰ ਨੂੰ ‘ਚੇਤਨਾ ਕਨਫਲੂਐਂਸ: ਸਕਿੱਲ ਤੇ ਸਰਵਾਈਵਲ’ ਦੀ ਸਫ਼ਲਤਾਪੂਰਵਕ ਸਮਾਪਤੀ ਨਾਲ ਵੱਡਾ ਮੀਲ ਪੱਥਰ ਸਾਬਿਤ ਹੋਈ।
17 ਅਕਤੂਬਰ ਨੂੰ ਸ਼ੁਰੂ ਕੀਤੇ ਗਏ ਪ੍ਰਾਜੈਕਟ ਚੇਤਨਾ ਨੇ 70 ਤੋਂ ਜ਼ਿਆਦਾ ਸਕੂਲਾਂ ਤੱਕ ਤੇਜ਼ੀ ਨਾਲ ਵਿਸਥਾਰ ਕੀਤਾ, ਜਿਸ ਵਿੱਚ 15000 ਵਿਦਿਆਰਥੀਆਂ ਨੂੰ ਕਵਰ ਕਰਦੇ ਹੋਏ ਢਾਂਚਾਗਤ ਯੋਜਨਾਬੰਦੀ, ਡਿਜੀਟਲ ਢੰਗ ਨਾਲ ਨਿਗਰਾਨੀ ਅਤੇ ਮਿਆਰੀ ਸਿਖ਼ਲਾਈ ਮਡਿਊਲ ਅਤੇ ‘ਸੇ-ਡੂ-ਆਸਕ’ (Say–Do–Ask) ਵਿਧੀ ਦੇ ਮਾਧਿਅਮ ਨਾਲ ਕਲਾਸਰੂਮਜ਼ ਵਿੱਚ ਬਦਲਾਅ ਲਿਆਂਦਾ ਜਾ ਰਿਹਾ ਹੈ। ਇਹ ਪ੍ਰਾਜੈਕਟ 6 ਮਹੱਤਵਪੂਰਣ ਵਿਸ਼ਿਆਂ 'ਤੇ ਕੇਂਦਰਿਤ ਹੈ - ਡਿਜੀਟਲ ਸਾਖ਼ਰਤਾ, ਵਿੱਤੀ ਜਾਗਰੂਕਤਾ, ਲਿੰਗ ਸੰਵੇਦਨਸ਼ੀਲਤਾ, ਸਵੱਛਤਾ ਅਤੇ ਸਫਾਈ, ਫਸਟ ਏਡ ਤੇ ਐਮਰਜੈਂਸੀ ਰਿਸਪਾਂਸ ਅਤੇ ਕਰੀਅਰ ਗਾਈਡੈਂਸ।
ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਆਈ.ਏ.ਐਸ. ਦੀ ਰਹਿਨੁਮਾਈ ਅਤੇ ਸਹਾਇਕ ਕਮਿਸ਼ਨਰ ਮੁਕਿਲਨ ਆਈ.ਏ.ਐਸ. ਦੀ ਅਗਵਾਈ ਵਿੱਚ ਇਸ ਪ੍ਰਾਜੈਕਟ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦਾ ਕੰਮ ਕ੍ਰਿਤਿਕਾ ਸੇਤੀਆ ਕਰ ਰਹੇ ਹਨ। ਤਿੰਨ ਗੇੜ ਦੀ ਅਧਿਆਪਕ ਸਿਖ਼ਲਾਈ, ਡੈਮੋ ਅਤੇ ਜ਼ਿਲ੍ਹਾ ਦਫ਼ਤਰਾਂ ਦੇ ਵਿਆਪਕ ਦੌਰਿਆਂ ਦੇ ਨਾਲ ਇਸ ਪਹਿਲ ਨੇ ਪਾਰਦਰਸ਼ਤਾ, ਰੀਅਲ ਵਰਲਡ ਲਰਨਿੰਗ ਅਤੇ ਲੋਕਾਂ ਦੀ ਸ਼ਮੂਲੀਅਤ ਨੂੰ ਆਪਣੇ ਮੂਲ ਵਿੱਚ ਸ਼ਾਮਲ ਕਰ ਲਿਆ ਹੈ।
ਪਾਠਕ੍ਰਮ ਅਸਲ-ਸੰਸਾਰ ਦੀਆਂ ਯੋਗਤਾਵਾਂ ਨੂੰ ਤਰਜੀਹ ਦਿੰਦਾ ਹੈ- ਜੀਵਨ-ਰੱਖਿਅਕ ਮੁੱਢਲੀ ਸਹਾਇਤਾ ਤੋਂ ਡਿਜੀਟਲ ਅਤੇ ਵਿੱਤੀ ਸਾਖ਼ਰਤਾ ਤੱਕ - ਇਹ ਯਕੀਨੀ ਬਣਾਉਂਦਾ ਹੈ ਕਿ ਵਿਦਿਆਰਥੀ ਕਲਾਸਰੂਮ ਤੋਂ ਪਰੇ ਵੀ ਮਹੱਤਵਪੂਰਣ ਹੁਨਰ ਸਿਖਣ।
ਇਸ ਪ੍ਰਾਜੈਕਟ ਵਿੱਚ 6 ਮੁੱਖ ਵਿਸ਼ੇ ਸ਼ਾਮਲ ਹਨ: ਡਿਜੀਟਲ ਸਾਖ਼ਰਤਾ, ਵਿੱਤੀ ਜਾਗਰੂਕਤਾ, ਲਿੰਗ ਸੰਵੇਦਨਸ਼ੀਲਤਾ, ਸਵੱਛਤਾ ਅਤੇ ਸਫਾਈ, ਫਸਟ ਏਡ ਤੇ ਐਮਰਜੈਂਸੀ ਰਿਸਪਾਂਸ ਅਤੇ ਕਰੀਅਰ ਗਾਈਡੈਂਸ। ਹਰ ਸ਼ੁੱਕਰਵਾਰ, ਭਾਗ ਲੈਣ ਵਾਲੇ ਸਕੂਲਾਂ ਦੇ ਅਧਿਆਪਕ ਚੇਤਨਾ ਸੈਸ਼ਨ ਕਰਵਾਉਂਦੇ ਹਨ।
ਡੈਮੋ, ਵਿਹਾਰਕ ਸਿਖ਼ਲਾਈ ਸਮੇਤ ਪ੍ਰਾਜੈਕਟ ਨੇ ਐਕਸਪੋਜ਼ਰ ਵਿਜ਼ਿਟਸ ਰਾਹੀਂ ਲੋਕ ਸ਼ਮੂਲੀਅਤ ਨੂੰ ਵੀ ਮਜ਼ਬੂਤ ਕੀਤਾ, ਜਿਸ ਸਦਕਾ ਵਿਦਿਆਰਥੀਆਂ ਨੂੰ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕਰਨ ਅਤੇ ਪ੍ਰਸ਼ਾਸਨ ਦੀ ਕਾਰਜਸ਼ੈਲੀ ਨੂੰ ਨੇੜਿਓਂ ਦੇਖਣ ਤੇ ਸਮਝਣ ਦਾ ਮੌਕਾ ਮਿਲਿਆ। ਪ੍ਰਾਜੈਕਟ ਨੇ ਪਾਦਰਸ਼ਤਾ, ਵਿਸ਼ਵਾਸ ਅਤੇ ਨਾਗਰਿਕ ਜਾਗਰੂਕਤਾ ਨੂੰ ਉਤਸ਼ਾਹਿਤ ਕੀਤਾ।
ਇਸ ਪਹਿਲਕਦਮੀ ਨੇ ਵਿਦਿਆਰਥੀਆਂ ਦੇ ਜੀਵਨ ਵਿੱਚ ਬਦਲਾਅ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਬਹੁਤ ਸਾਰੇ ਵਿਦਿਆਰਥੀ ਹੁਣ ਪੂਰੇ ਆਤਮ ਵਿਸ਼ਵਾਸ ਨਾਲ ਬੈਂਕ ਡਿਪਾਜ਼ਿਟ ਸਲਿੱਪਾਂ ਅਤੇ ਚੈੱਕ ਭਰਦੇ ਹਨ, ਜੋ ਉਨ੍ਹਾਂ ਨੂੰ ਪਹਿਲਾਂ ਮੁਸ਼ਕਲ ਲੱਗਦਾ ਸੀ। ਕਈਆਂ ਨੇ ਦੱਸਿਆ ਕਿ ਉਹ ਇੱਕ ਕ੍ਰੇਪ ਪੱਟੀ ਅਤੇ ਆਮ ਪੱਟੀ ਵਿੱਚ ਫ਼ਰਕ ਕਰ ਸਕਦੇ ਹਨ, ਜਿਸ ਨਾਲ ਉਹ ਛੋਟੀਆਂ-ਮੋਟੀਆਂ ਸੱਟਾਂ ਦੌਰਾਨ ਆਪਣੇ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਕਰ ਸਕਦੇ ਹਨ।
ਵਿਦਿਆਰਥੀਆਂ ਨੇ ਡਿਜੀਟਲ ਸਾਖ਼ਰਤਾ ਮਾਡਿਊਲਜ਼ ਦੇ ਪ੍ਰਭਾਵ ਦੀ ਵੀ ਸ਼ਲਾਘਾ ਕੀਤੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਤੋਖਪੁਰਾ ਦੀ ਮੁਸਕਾਨ ਅਤੇ ਭਾਵੇਸ਼, ਜਿਨ੍ਹਾਂ ਨੇ ਮੁਕਾਬਲਿਆਂ ਵਿੱਚ ਜਿੱਤ ਹਾਸਲ ਕੀਤੀ, ਨੇ ਦੱਸਿਆ ਕਿ ਇਹ ਸੈਸ਼ਨ ਕਿੰਨੇ ਸਾਰਥਕ ਸਨ। ਉਨ੍ਹਾਂ ਕਿਹਾ ‘ਸਾਈਬਰ ਸਿਕਿਓਰਿਟੀ ਵੀਡੀਓਜ਼ ਨੇ ਸਾਨੂੰ ਸਾਈਬਰ ਅਪਰਾਧੀਆਂ ਬਾਰੇ ਜਾਗਰੂਕ ਕੀਤਾ। ਸੈਸ਼ਨਾਂ ਨੇ ਸਾਨੂੰ ਪਾਸਵਰਡ ਨੂੰ ਗੁਪਤ ਰੱਖਣ ਅਤੇ ਆਨਲਾਈਨ ਸੁਰੱਖਿਅਤ ਰਹਿਣਾ ਸਿਖਾਇਆ। ਅਧਿਆਪਕਾਂ ਨੇ ਵੀ ਵਿਸ਼ਿਆਂ ਨੂੰ ਜਾਣਕਾਰੀ ਭਰਪੂਰ, ਢੁੱਕਵਾਂ ਅਤੇ ਜ਼ਰੂਰੀ ਦੱਸਿਆ।
28 ਨਵੰਬਰ 2025 ਨੂੰ ਸਮਾਪਤੀ ਸਮਾਰੋਹ ਵਿੱਚ ਜ਼ਿਲ੍ਹੇ ਭਰ ਦੇ ਵਿਦਿਆਰਥੀ ਇਕੱਤਰ ਹੋਏ, ਜੋ ਕਿ ਪ੍ਰਾਜੈਕਟ ਚੇਤਨਾ ਦੇ ਵਿਆਪਕ ਪ੍ਰਭਾਵ ਨੂੰ ਦਰਸਾਉਂਦਾ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਹਾਇਕ ਕਮਿਸ਼ਨਰ ਮੁਕਿਲਨ ਸਮੇਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਕਲਾਸਰੂਮ ਤੋਂ ਪਰੇ ਵੀ ਸਿੱਖਿਆ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਹੁਨਰਾਂ ਨੂੰ ਉਹ ਆਪਣੇ ਘਰ ਲੈ ਕੇ ਜਾਣ, ਆਪਣੇ ਮਾਪਿਆਂ ਅਤੇ ਬਜ਼ੁਰਗਾਂ ਨੂੰ ਸਿਖਾਉਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਅਤੇ ਸੂਚਿਤ ਰਹਿਣ ਵਿੱਚ ਮਦਦ ਕਰਨ। ਉਨ੍ਹਾਂ ਵਿਦਿਆਰਥੀਆਂ ਦੇ ਆਤਮਵਿਸ਼ਵਾਸ ਅਤੇ ਤਿਆਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਿੱਤੀ ਸਾਖ਼ਰਤਾ, ਡਿਜੀਟਲ ਸੁਰੱਖਿਆ ਅਤੇ ਮੁੱਢਲੀ ਸਹਾਇਤਾ ਵਰਗੇ ਹੁਨਰ ਸਿਰਫ਼ ਅਕਾਦਮਿਕ ਨਹੀਂ ਹਨ ਸਗੋਂ ਜੀਵਨ ਹੁਨਰ ਹਨ, ਜਿਨ੍ਹਾਂ ਦੀ ਹਰ ਪਰਿਵਾਰ ਨੂੰ ਲੋੜ ਹੁੰਦੀ ਹੈ। ਵਿਦਿਆਰਥੀਆਂ ਨੇ ਸਾਰੇ 6 ਵਿਸ਼ਿਆਂ ਵਿੱਚ ਮਜ਼ਬੂਤ ਸਮਰੱਥਾ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਸੀਪੀਆਰ ਰੀਲੇਅ ਦੌੜ ਐਮਰਜੈਂਸੀ ਤਿਆਰੀ ਦੇ ਇਕ ਸਸ਼ਕਤ ਪ੍ਰਦਰਸ਼ਨ ਵਜੋਂ ਉਭਰ ਕੇ ਸਾਹਮਣੇ ਆਈ।
ਚੇਤਨਾ ਮਹਿਜ਼ ਪ੍ਰਾਜੈਕਟ ਨਹੀਂ ਹੈ, ਇਹ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਬੱਧਤਾ ਦਾ ਪ੍ਰਤੀਕ ਹੈ, ਜੋ ਹਰੇਕ ਬੱਚੇ ਨੂੰ ਸਿਰਫ਼ ਸਿੱਖਿਆ ਲਈ ਨਹੀਂ, ਸਗੋਂ ਜੀਵਨ ਲਈ ਜ਼ਰੂਰੀ ਹੁਨਰ, ਜਾਗਰੂਕਤਾ ਅਤੇ ਆਤਮ ਵਿਸ਼ਵਾਸ ਨਾਲ ਸਸ਼ਕਤ ਬਣਾਉਣ ਲਈ ਦ੍ਰਿੜ ਹੈ।



0 Comments