ਪੱਤਰਕਾਰਾਂ ਖ਼ਿਲਾਫ਼ ਦਰਜ ਮਾਮਲਿਆਂ ਨੂੰ ਰੱਦ ਕਰਨ ਦੀ ਮੰਗ


ਜ਼ਿਲ੍ਹਾ ਐਕਟਿਵ ਪ੍ਰੈੱਸ ਕਲੱਬ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ  

ਮਾਲੇਰਕੋਟਲਾ, 06 ਜਨਵਰੀ (ਅਮਰਜੀਤ ਸਿੰਘ)- ਬੀਤੇ ਦਿਨੀਂ ਪੰਜਾਬ ਅੰਦਰ ਕੁਝ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਗਏ ਕੇਸਾਂ ਦੇ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਐਕਟਿਵ ਪ੍ਰੈੱਸ ਕਲੱਬ ਮਾਲੇਰਕੋਟਲਾ ਵੱਲੋਂ ਪ੍ਰਧਾਨ ਸੁੱਖਾ ਖੇੜੀ ਵਾਲਾ ਦੀ ਅਗਵਾਈ ਹੇਠ ਪੱਤਰਕਾਰਾਂ ਦੇ ਇੱਕ ਬਫ਼ਦ ਨੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਵਿੱਚ ਬੇਨਤੀ ਕੀਤੀ ਗਈ ਕਿ ਉਕਤ ਮਾਮਲਿਆਂ ਦੀ ਨਿਰਪੱਖ ਅਤੇ ਬਾਰੀਕੀ ਨਾਲ ਜਾਂਚ ਕਰਵਾ ਕੇ ਬੇਦੋਸ਼ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਗਏ ਪਰਚਿਆਂ ਨੂੰ ਤੁਰੰਤ ਰੱਦ ਕੀਤਾ ਜਾਵੇ। ਜ਼ਿਲ੍ਹਾ ਐਕਟਿਵ ਪ੍ਰੈੱਸ ਕਲੱਬ ਦੇ ਪ੍ਰਧਾਨ ਸੁੱਖਾ ਖੇੜੀ ਵਾਲਾ ਨੇ ਕਿਹਾ ਕਿ ਪੱਤਰਕਾਰ ਲੋਕਤੰਤਰ ਦੇ ਚੌਥੇ ਥੰਭ ਹਨ ਅਤੇ ਪ੍ਰੈਸ ਦੀ ਆਜ਼ਾਦੀ ’ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਮੀਡੀਆ ਨਾਲ ਸੰਬੰਧਤ ਲਗਭਗ 10 ਪੱਤਰਕਾਰਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ, ਜਿਸ ਦੀ ਜ਼ਿਲ੍ਹਾ ਐਕਟਿਵ ਪ੍ਰੈੱਸ ਕਲੱਬ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਦੇ ਰਾਜ ਦੌਰਾਨ ਪੰਜਾਬ ਭਰ ਵਿੱਚ ਪੱਤਰਕਾਰਾਂ ਖ਼ਿਲਾਫ਼ ਕਥਿਤ ਸਰਕਾਰੀ ਧੱਕੜਸ਼ਾਹੀ ਵਧ ਰਹੀ ਹੈ ਅਤੇ ਪੁਲਿਸ ਰਾਹੀਂ ਝੂਠੇ ਪਰਚੇ ਦਰਜ ਕਰਕੇ ਪ੍ਰੈਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਜਦੋਂ ਪੱਤਰਕਾਰਾਂ ਨਾਲ ਧੱਕੇ ਹੋਏ ਸਨ, ਤਾਂ ਉਸ ਵੇਲੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਪ੍ਰੈਸ ਦੀ ਆਜ਼ਾਦੀ ਦੇ ਹੱਕ ਵਿੱਚ ਆਵਾਜ਼ ਉਠਾਈ ਸੀ। ਸੁੱਖਾ ਖੇੜੀ ਵਾਲਾ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਅੱਜ ਉਨ੍ਹਾਂ ਦੀ ਆਪਣੀ ਸਰਕਾਰ ਦੇ ਦੌਰਾਨ ਵੀ ਪੱਤਰਕਾਰਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ, ਜੋ ਬਹੁਤ ਹੀ ਨਿੰਦਣਯੋਗ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦਾ ਪੱਤਰਕਾਰ ਭਾਈਚਾਰਾ ਕਿਸੇ ਵੀ ਕੀਮਤ ’ਤੇ ਆਪਣੀ ਆਜ਼ਾਦੀ ਨਾਲ ਸਮਝੌਤਾ ਨਹੀਂ ਕਰੇਗਾ। ਜ਼ਿਲ੍ਹਾ ਐਕਟਿਵ ਪ੍ਰੈੱਸ ਕਲੱਬ ਵੱਲੋਂ ਮੰਗ ਕੀਤੀ ਗਈ ਕਿ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਗਏ ਸਾਰੇ ਝੂਠੇ ਅਤੇ ਬੇਬੁਨਿਆਦ ਪਰਚਿਆਂ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੀ ਦੁਹਰਾਈ ਨਾ ਹੋਵੇ।

Post a Comment

0 Comments