ਦਰਿਆ ‘ਚ ਸਮੱਗਰੀ ਪਾਉਣ ਗਏ ਵਿਅਕਤੀ ਨੇ ਪਾਣੀ ‘ਚ ਲਾਸ਼ ਰੁੜਦੀ ਦੇਖ ਪੁਲਿਸ ਨੂੰ ਕੀਤਾ ਸੂਚਿਤ
* ਪੁਲਿਸ ਨੇ ਮੌਕੇ ‘ਤੇ ਪਹੁੰਚ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕੀਤੀ ਸ਼ੁਰੂ
* ਲਾਸ਼ ਦੀ ਸ਼ਨਾਖ਼ਤ ਕਰਨ ਲਈ 72 ਘੰਟਿਆ ਲਈ ਮੋਰਚਨੀ ‘ਚ ਰਖਵਾਇਆ
ਸ਼ਾਹਕੋਟ/ਮਲਸੀਆਂ, 22 ਮਾਰਚ (ਬਿਊਰੌਂ) - ਸ਼ਾਹਕੋਟ ਦੇ ਨਜ਼ਦੀਕ ਵਹਿੰਦੇ ਸਤਲੁਜ ਦਰਿਆ ਵਿੱਚੋਂ ਐਤਵਾਰ ਦੁਪਹਿਰ ਸਮੇਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਸਾਹਬੀ ਦਾਸੀਕੇ ਵਾਸੀ ਮੁਹੱਲਾ ਗੋਬਿੰਦ ਨਗਰ ਸ਼ਾਹਕੋਟ ਅੱਜ ਬਾਅਦ ਦੁਪਹਿਰ ਸਤਲੁਜ ਦਰਿਆ ‘ਚ ਸਮੱਗਰੀ ਪਾਉਣ ਲਈ ਗਿਆ ਸੀ ਤਾਂ ਉਸ ਨੇ ਦੇਖਿਆ ਕਿ ਸਤਲੁਜ ਦਰਿਆ ‘ਚ ਵਹਿ ਰਹੇ ਪਾਣੀ ਵਿੱਚ ਕਿਸੇ ਵਿਅਕਤੀ ਦੀ ਲਾਸ਼ ਰੁੜੀ ਜਾ ਰਹੀ ਸੀ ਅਤੇ ਦੇਖਦੇ ਹੀ ਦੇਖਦੇ ਲਾਸ਼ ਪੁੱਲ ਦੇ ਹੇਠ ਝਾੜੀਆ ਵਿੱਚ ਫਸ ਗਈ। ਇਸ ਸਬੰਧੀ ਉਸ ਨੇ ਡੀ.ਐਸ.ਪੀ. ਸ਼ਾਹਕੋਟ ਸੁਖਪਾਲ ਸਿੰਘ ਨੂੰ ਸੂਚਿਤ ਕੀਤਾ ਤਾਂ ਮਾਡਲ ਥਾਣਾ ਸ਼ਾਹਕੋਟ ਦੇ ਏ.ਐਸ.ਆਈ. ਸਰਵਨ ਸਿੰਘ ਅਤੇ ਏ.ਐਸ.ਆਈ. ਪਰਜਿੰਦਰ ਕੌਰ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਦਰਿਆ ਦੇ ਨਾਲ ਰਹਿੰਦੇ ਲੋਕਾਂ ਦੀ ਸਹਾਇਤਾ ਨਾਲ ਲਾਸ਼ ਨੂੰ ਦਰਿਆ ਵਿੱਚੋਂ ਬਾਹਰ ਕੱਢਿਆ। ਜਾਂਚ ਅਧਿਕਾਰੀ ਏ.ਐਸ.ਆਈ. ਸਰਵਨ ਸਿੰਘ ਨੇ ਦੱਸਿਆ ਕਿ ਲਾਸ਼ ਜਿਆਦਾ ਸਮਾਂ ਪਾਣੀ ਵਿੱਚ ਰਹਿਣ ਕਾਰਨ ਕਾਫ਼ੀ ਖਰਾਬ ਹੋ ਚੁੱਕੀ ਹੈ, ਜਿਸ ਕਾਰਨ ਮ੍ਰਿਤਕ ਵਿਅਕਤੀ ਦੀ ਸ਼ਨਾਖ਼ਤ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਬਾਂਹ ‘ਤੇ ਹਿੰਦੀ ਵਿੱਚ ਕਿਸੇ ਔਰਤ ਦਾ ਨਾਮ ਲਿਖਿਆ ਹੈ ਅਤੇ ਮੁੱਢਲੀ ਜਾਂਚ ਵਿੱਚ ਇਹ ਪਤਾ ਲੱਗ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਕੋਈ ਪ੍ਰਵਾਸੀ ਮਜ਼ਦੂਰ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸ਼ਨਾਖ਼ਤ ਲਈ 72 ਘੰਟਿਆ ਲਈ ਸਿਵਲ ਹਸਪਤਾਲ ਨਕੋਦਰ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਵਾਰਸਾਂ ਦੀ ਭਾਲ ਕੀਤੀ ਜਾ ਰਹੀ ਹੈ।
0 Comments