ਸਾਡਾ ਪੰਜਾਬੀ ਵਿਰਸਾ ਬਹੁਤ ਅਮੀਰ ਅਤੇ ਮਾਨਮੱਤਾ ਹੈ ਜਿਸ ਤੇ ਪੰਜਾਬੀਆਂ ਨੂੰ ਸਦਾ ਮਾਣ ਰਿਹਾ ਹੈ ਅਤੇ ਰਹੇਗਾ ਵੀ।ਸਾਡੇ ਪੁਰਾਤਨ ਮਨ ਪਰਚਾਵੇ ਦੇ ਗੀਤ ਸੰਗੀਤ ਨੂੰ ਵਿਆਹ ਸ਼ਾਦੀਆਂ ਅਤੇ ਪੁਰਾਤਨ ਗਾਇਕਾਂ ਤੇ ਗੀਤਕਾਰਾਂ ਨੂੰ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ, ਕਿਉਂਕਿ ਉਹਨਾਂ ਨੇ ਲੱਚਰਤਾ ਤੋਂ ਕੋਹਾਂ ਦੂਰ ਰਹਿ ਕੇ ਆਪਣੇ ਵਿਰਸੇ ਸੱਭਿਆਚਾਰ ਅਤੇ ਗੀਤ ਸੰਗੀਤ ਨੂੰ ਸੰਭਾਲ ਕੇ ਰੱਖਿਆ ਅਤੇ ਅੱਜ ਵੀ ਕੲਈ ਦੋਸਤ ਓਸ ਕਲਚਰ ਦੇ ਦੀਵਾਨੇ ਨੇ ਅਤੇ ਜੀਅ ਜਾਨ ਤੋਂ ਵੱਧ ਪਿਆਰ ਕਰਦੇ ਵੀ ਹਨ ਅਤੇ ਲੋਕਾਂ ਨੂੰ ਵੀ ਇਹੀ ਸੰਦੇਸ਼ ਦਿੰਦੇ ਹਨ ਕਿ ਅਜੋਕੇ ਭੜਕੀਲੇ ਗੀਤ ਸੰਗੀਤ ਤੋਂ ਦੂਰ ਰਹਿਕੇ ਸਾਨੂੰ ਆਪਣੇ ਅਤੀਤ ਨੂੰ ਯਾਦ ਰੱਖਣਾ ਚਾਹੀਦਾ ਹੈ।
ਵੈਸੇ ਦੋਸਤੋ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਕੁੱਝ ਨਿਵੇਕਲਾ ਜਿਹਾ ਕਰਨ ਦੀ ਤਾਂਘ ਹੁੰਦੀ ਹੈ ਜਿਸ ਨਾਲ ਉਸ ਦੀ ਰੋਜ਼ਮਰਾ ਦੀ ਜ਼ਿੰਦਗੀ ਦੀ ਗੱਡੀ ਵੀ ਚੱਲਦੀ ਰਹੇ ਤੇ ਉਸ ਦਾ ਨਾਮ ਵੀ ਦੁਨੀਆਂ ਦੇ ਐਸੇ ਇਨਸਾਨਾਂ ਵਿਚ ਹੋਵੇ ਜਿਸ ਨੇ ਕੋਈ ਮਾਅਰਕਾ ਮਾਰਿਆ ਹੋਵੇ ਤੇ ਲੁਕਾਈ ਨੂੰ ਵੀ ਓਹਦੇ ਕੀਤੇ ਕਾਰਜ ਉੱਤੇ ਮਾਣ ਹੋਵੇ। ਬਹੁਤ ਸਾਰੇ ਐਸੇ ਇਨਸਾਨ ਹੁੰਦੇ ਹਨ ਜਿਨ੍ਹਾਂ ਨੂੰ ਅਲੱਗ ਅਲੱਗ ਕਿਸਮ ਦੇ ਸ਼ੌਕ ਹੁੰਦੇ ਹਨ, ਜਿਵੇਂ ਆਪਣੇ ਇਸ਼ਟ ਨੂੰ ਯਾਦ ਕਰਨਾ, ਸਵੇਰ ਵੇਲੇ ਸੈਰ ਕਰਨੀ, ਕੁੱਤਿਆਂ ਨੂੰ ਘੁੰਮਾਉਣਾ, ਵਰਜਿਸ਼ ਕਰਨੀ ਜਾਂ ਐਸੇ ਹੋਰ ਵੀ ਕਈ ਕਾਰਜ।ਪਰ ਇਨ੍ਹਾਂ ਸਾਰੇ ਕੰਮਾਂ ਤੋਂ ਅਲੱਗ ਹੀ ਸ੍ਰੀ ਮੁਕਤਸਰ ਸਾਹਿਬ ਦੇ ਜੰਮਪਲ ਇੱਕ ਵੀਰ ਗੁਰਦਿਆਲ ਸਿੰਘ ਦਾ ਨਿਵੇਕਲਾ ਸ਼ੌਕ ਆਪਣੇ ਪੁਰਾਤਨ ਵਿਰਸੇ ਨੂੰ ਸੰਭਾਲਣ ਦਾ ਹੈ। ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਉਸ ਨੇ ਆਪਣਾ ਇੱਕ"ਅਮਨ ਮਿਊਜ਼ਿਕ ਸੈਂਟਰ"ਖੋਲ੍ਹ ਰੱਖਿਆ ਹੈ।ਕਾਫੀ ਪੜਾਈ ਕਰਕੇ ਉਸ ਨੂੰ ਵਿਰਸਾ ਸੰਭਾਲਣ ਦੀ ਐਸੀ ਚੇਟਕ ਲੱਗੀ ਜੋ ਦਿਨੋ-ਦਿਨ ਉਸ ਤੇ ਹਾਵੀ ਹੁੰਦੀ ਗਈ ਤੇ ਆਖਰ ਉਸ ਨੇ ਆਪਣੇ ਇਸ ਸ਼ੌਕ ਨੂੰ ਆਪਣੀ ਜ਼ਿੰਦਗੀ ਬਸਰ ਕਰਨ ਲਈ ਵੀ ਅਪਣਾ ਲਿਆ। ਇੱਕ ਪੰਥ ਦੋ ਕਾਜ ਨਾਲੇ ਪੁੰਨ ਨਾਲੇ ਫ਼ਲੀਆਂ।ਇਸ ਅਨੋਖੇ ਕਾਰਜ ਨਾਲ ਉਸ ਦੀ ਪੂਰੇ ਇਲਾਕੇ ਹੀ ਨਹੀਂ ਸਗੋਂ ਪੂਰੇ ਪੰਜਾਬ ਵਿੱਚ ਵੱਖਰੀ ਪਛਾਣ ਬਣ ਗੲੀ ਹੈ। ਆਪਣੇ ਅਮਨ ਮਿਊਜ਼ਿਕ ਸੈਂਟਰ ਵਿੱਚ ਗੁਰਦਿਆਲ ਸਿੰਘ ਨੇ ਉੱਨੀ ਸੌ ਤੀਹ ਤੋਂ ਲੈ ਕੇ ਉੱਨੀ ਸੌ ਪਜੰਤਰ ਤੱਕ ਦੇ ਸਾਰੇ ਹੀ ਪੱਥਰ ਅਤੇ ਲਾਖ ਦੇ ਤਵਿਆਂ ਨੂੰ ਆਪਣੀ ਜਾਨ ਤੋਂ ਵੀ ਵੱਧ ਕੇ ਸੰਭਾਲ ਰੱਖਿਆ ਹੋਇਆ ਹੈ।ਔਰ ਹੈ ਵੀ ਸਾਰੇ ਹੀ ਚਾਲੂ ਹਾਲਤ ਵਿੱਚ ਜਿਵੇਂ ਅੱਜ ਹੀ ਕੰਪਨੀ ਚੋਂ ਲਿਆਂਦੇ ਹੋਣ।ਇਸ ਸਾਰੇ ਕਾਰਜ ਲਈ ਇਸ ਨੂੰ ਪਸੰਦ ਕਰਨ ਵਾਲਿਆਂ ਦੀ ਵੀ ਕੋਈ ਕਮੀਂ ਨਹੀਂ ਗੁਰਦਿਆਲ ਸਿੰਘ ਨੇ ਗੱਲ ਕਰਦਿਆਂ ਦੱਸਿਆ ਕਿ ਬਹੁਤ ਲੋਕ ਹਨ ਜੋ ਅੱਜ ਵੀ ਪੁਰਾਣੇ ਵਿਰਸੇ ਦੀਆਂ ਚੀਜ਼ਾਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਮੈਥੋਂ ਬਹੁਤ ਸਮਾਂਨ ਖਰੀਦ ਕੇ ਲੈ ਜਾਂਦੇ ਹਨ,ਇਸ ਨਾਲ ਮੇਰੀ ਮਿਹਨਤ ਮੈਨੂੰ ਮਿਲਦੀ ਹੈ ਤੇ ਮੇਰਾ ਸ਼ੌਕ ਵੀ ਪ੍ਰਫੁੱਲਤ ਹੋ ਰਿਹਾ ਹੈ।
ਗੁਰਦਿਆਲ ਸਿੰਘ ਨੂੰ ਹੱਥੀਂ ਮਿਹਨਤ ਕਰਨ ਦਾ ਬਹੁਤ ਸ਼ੌਕ ਹੈ ਉਸ ਨੂੰ ਕਦੇ ਵੀ ਆਪਣੀ ਦੁਕਾਨ ਤੇ ਵਿਹਲੇ ਬੈਠੇ ਨਹੀਂ ਵੇਖਿਆ। ਸਕੂਲਾਂ ਅਤੇ ਕਾਲਜਾਂ ਦੇ ਕਾਫੀ ਸਾਰੇ ਪਰੈਕਟੀਕਲ ਮਾਡਲ ਓਹ ਆਪਣੇ ਹੱਥੀਂ ਆਰਡਰ ਤੇ ਤਿਆਰ ਕਰਦਾ ਹੈ। ਜਿਨ੍ਹਾਂ ਵਿੱਚ ਟਿੰਡਾਂ ਵਾਲੇ ਖੂਹ,ਬਾਹਰ ਖੇਤਾਂ ਵਿਚ ਚੱਲਦੀਆਂ ਮੋਟਰਾਂ, ਤੇ ਕੋਲ ਬਾਪੂ ਦਾ ਮੰਜਾ,ਮੰਜੇ ਜੋੜ ਕੇ ਸਪੀਕਰ ਲਾਉਣ ਦਾ ਮਾਡਲ,ਚਰਖੇ, ਮਧਾਣੀਆਂ ਬਲਦਾਂ ਦੀ ਜੋੜੀ, ਜੋ ਕਿ ਸਾਡੇ ਵਿਰਸੇ ਦੇ ਅਨਿਖੜਵੇਂ ਅੰਗ ਸਨ ਓਨਾਂ ਦੇ ਮਾਡਲ ਤਿਆਰ ਕਰਕੇ ਦਿੰਦਾ ਹੈ ਤੇ ਬਹੁਤ ਪਸੰਦ ਕੀਤੇ ਜਾਂਦੇ ਹਨ। ਤਵਿਆਂ ਵਾਲੀ ਮਸ਼ੀਨ ਜਿਸ ਨੂੰ ਗ੍ਰਾਮੋਫੋਨ ਵੀ ਕਿਹਾ ਜਾਂਦਾ ਸੀ ਓਹ ਨਵੀਂ ਵੀ ਤੇ ਹੱਥੀਂ ਰਿਪੇਅਰ ਵੀ ਕਰਦਾ ਹੈ ਗੁਰਦਿਆਲ। ਪੁਰਾਣੇ ਤੋਂ ਪੁਰਾਣੇ ਗੀਤਾਂ ਨੂੰ ਚਿੱਪ ਵਿਚ ਭਰਕੇ ਦਿੰਦਾ ਹੈ ਜਿਨ੍ਹਾਂ ਵਿੱਚ ਲਾਲ ਚੰਦ ਯਮਲਾ ਜੱਟ ਸੀ ਦੇ ਸਦਾ ਬਹਾਰ ਗੀਤ, ਨਰਿੰਦਰ ਬੀਬਾ ਸੁਰਿੰਦਰ ਕੌਰ, ਪ੍ਰਕਾਸ਼ ਕੌਰ,ਆਸਾ ਸਿੰਘ ਮਸਤਾਨਾ,ਕੇ ਦੀਪ ਜਗਮੋਹਨ ਕੌਰ,ਚਾਂਦੀ ਰਾਮ ਵਲੀ ਪੁਰੀਆ, ਕਰਨੈਲ ਗਿੱਲ, ਗੁਰਪਾਲ ਸਿੰਘ ਪਾਲ,ਅਮਰ ਸਿੰਘ ਸ਼ੌਂਕੀ,ਹਜਾਰਾ ਸਿੰਘ ਰਮਤਾ,ਆਲਮ ਲੋਹਾਰ,ਸਾਬਰ ਹੁਸੈਨ ਸਾਬਰ,ਸੋਹਨ ਸਿੰਘ ਸੀਤਲ,ਨਜੀਰ ਮੁਹੰਮਦ,ਪੂਰਨ ਜਲਾਲਾਬਾਦੀ, ਸੁਦੇਸ਼ ਕੁਮਾਰੀ, ਸੀਮਾ ਅਤੇ ਹੋਰ ਵੀ ਪੁਰਾਣੇ ਸਮਿਆਂ ਵਿੱਚ ਪ੍ਰਸਿੱਧੀ ਖੱਟ ਚੁੱਕੇ ਗਾਇਕਾਂ ਗੀਤਕਾਰਾਂ ਦੇ ਗੀਤਾਂ ਨੂੰ ਜਿਥੇ ਸੰਭਾਲ ਕੇ ਰੱਖਿਆ ਹੋਇਆ ਹੈ ਓਥੇ ਸ਼ੌਕੀਨਾਂ ਨੂੰ ਚਿਪਾਂ ਵਿਚ ਵੀ ਭਰ ਕੇ ਦਿੰਦਾ ਹੈ।ਲਾਲ ਚੰਦ ਯਮਲਾ ਜੱਟ ਜੀ ਦੀ ਈਜਾਦ ਕੀਤੀ ਹੋਈ ਤੂੰਬੀ ਜੋ ਕਿ ਹਰ ਗਾਉਣ ਵਾਲੇ ਦੇ ਹੱਥਾਂ ਦੀ ਸ਼ਿੰਗਾਰ ਰਹੀ ਹੈ ਉਸ ਨੂੰ ਗੁਰਦਿਆਲ ਆਪਣੇ ਹੱਥੀਂ ਤਿਆਰ ਕਰਦਾ ਹੈ ਅਤੇ ਜਿਨ੍ਹਾਂ ਨੂੰ ਸਿੱਖਣ ਦਾ ਸ਼ੌਕ ਹੈ ਓਨਾ ਨੂੰ ਸਿਖਾਉਂਦਾ ਵੀ ਹੈ।
ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਮੇਲਾ ਦੁਨੀਆਂ ਭਰ ਦਿਆਂ ਮੇਲਿਆਂ ਚੋਂ ਇੱਕ ਵੱਖਰੀ ਪਛਾਣ ਰੱਖਦਾ ਹੈ ਇਹ ਮੇਲਾ ਮਾਘ ਮਹੀਨੇ ਦੀ ਸੰਗਰਾਂਦ ਤੋਂ ਸ਼ੁਰੂ ਹੋ ਕੇ ਕਰੀਬ ਇੱਕ ਮਹੀਨਾ ਪੂਰਾ ਭਰਦਾ ਹੈ। ਇਥੇ ਸਰਕਸ ਅਤੇ ਹੋਰ ਵੀ ਮਨੋਰੰਜਨ ਦੇ ਬਹੁਤ ਸਾਰੇ ਸਾਧਨ ਆਉਂਦੇ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਹਨ ਅਤੇ ਗੁਰਦਿਆਲ ਸਿੰਘ ਦੀ ਦੁਕਾਨ ਤੇ ਵੀ ਲਾਈਨ ਵਿੱਚ ਲੱਗ ਕੇ ਵਿਰਸੇ ਨੂੰ ਪਿਆਰ ਕਰਨ ਵਾਲੇ ਵੀਰ ਆਪਣੇ ਮਨਪਸੰਦ ਦੀ ਖ਼ਰੀਦੋ ਫਰੋਖਤ ਕਰਦੇ ਹਨ।
ਗੁਰਦਿਆਲ ਸਿੰਘ ਨੂੰ ਇਸ ਨਿਵੇਕਲੇ ਕਾਰਜ ਲਈ ਪੰਜਾਬ ਦੀਆਂ ਨਾਮਵਰ ਸਾਹਿਤਕ ਸੰਸਥਾਵਾਂ ਵੱਲੋਂ ਅਨੇਕਾਂ ਮਾਣ ਸਤਿਕਾਰ ਮਿਲ ਚੁੱਕੇ ਹਨ।ਜੋ ਕਿ ਉਸ ਦੇ ਅਮਨ ਮਿਊਜ਼ਿਕ ਸੈਂਟਰ ਨੂੰ ਹੋਰ ਵੀ ਚਾਰ ਚੰਨ ਲਾਉਂਦੇ ਹਨ। ਗੀਤ ਸੰਗੀਤ ਪੰਜਾਬੀਆਂ ਦੀ ਰੂਹ ਦੀ ਖੁਰਾਕ ਰਹੇ ਹਨ ਤੇ ਓਹ ਵੀ ਜੇਕਰ ਪੁਰਾਤਨ ਹੋਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਵਾਹਿਗੁਰੂ ਅੱਗੇ ਦੁਆ ਹੈ ਕਿ ਉਹ ਇਸ ਕਾਰਜ ਲਈ ਗੁਰਦਿਆਲ ਸਿੰਘ ਤੇ ਸਦਾ ਮਿਹਰ ਭਰਿਆ ਹੱਥ ਰੱਖੇ ਤੇ ਓਹ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਇਹ ਸੇਵਾ ਆਪਣੇ ਦਿਲ ਨਾਲ ਨਿਭਾਉਂਦਾ ਰਹੇ।
ਜਦੋਂ ਗੁਰਦਿਆਲ ਸਿੰਘ ਤੋਂ ਉਸ ਦੇ ਮਨ ਦੀਆਂ ਭਾਵਨਾਵਾਂ ਜਾਨਣੀਆਂ ਚਾਹੀਆਂ ਅਤੇ ਲੁਕਾਈ ਨੂੰ ਕੀ ਸੰਦੇਸ਼ ਦੇਣਾ ਹੈ ਦੀ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਪੁਰਖਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਆਪਣੀ ਵਿਰਾਸਤ ਨਾਲ ਜੁੜਨਾ ਚਾਹੀਦਾ ਹੈ ਅਜੋਕੇ ਲੱਚਰਤਾ ਭਰੇ ਗੀਤ ਸੰਗੀਤ ਤੋਂ ਦੂਰ ਰਹੀਏ ਲਚਕੀਲੇ ਭੜਕੀਲੇ ਲਿਬਾਸ ਤੋਂ ਅਤੇ ਗਾਣਿਆਂ ਤੋਂ ਦੂਰ ਰਹਿਕੇ ਮਤਲਬ ਭਰਪੂਰ ਅਤੇ ਪੁਰਾਣੇ ਗੀਤ ਸੰਗੀਤ ਨੂੰ ਅਪਨਾਉਣਾ ਚਾਹੀਦਾ ਹੈ। ਆਪਣੇ ਮਾਣਮੱਤੇ ਇਤਿਹਾਸ ਸੱਭਿਆਚਾਰ ਅਤੇ ਸਾਹਿਤ ਨਾਲ ਜੁੜਕੇ ਰਹਿਣਾ ਚਾਹੀਦਾ ਹੈ ਅਤੇ ਅਜੋਕੀ ਪੀੜ੍ਹੀ ਨੂੰ ਵੀ ਐਸੇ ਭੜਕੀਲੇ ਗੀਤ ਸੰਗੀਤ ਤੋਂ ਵਰਜਣਾ ਮਾਪਿਆਂ ਦਾ ਹੀ ਫਰਜ ਬਣਦਾ ਹੈ।
ਜਸਵੀਰ ਸ਼ਰਮਾਂ ਦੱਦਾਹੂਰ
95691-49556
ਸ੍ਰੀ ਮੁਕਤਸਰ ਸਾਹਿਬ
0 Comments