ਵਿਦਿਆਰਥੀ ਕਰਨ ਕਿਸ਼ੋਰ ਸ਼ੁੱਕਰਵਾਰ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਵੀਂ ਦਿੱਲੀ ਵਿਖੇ ਆਪਣੇ ਪਰਿਵਾਰਕ ਮੈਂਬਰਾਂ ਨਾਲ। |
ਮਾਪਿਆਂ ਨੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਪੁੱਜੇ ਆਪਣੇ ਬੱਚਿਆਂ ਨੂੰ ਪਿਆਰ ਨਾਲ ਲਾਇਆ ਗਲ
ਯੁੱਧ ਪ੍ਰਭਾਵਿਤ ਯੂਕਰੇਨ 'ਚ ਫਸੇ ਹੋਰਨਾਂ ਵਿਦਿਆਰਥੀਆਂ ਦੀ ਜਲਦੀ ਤੇ ਸੁਰੱਖਿਅਤ ਵਾਪਸੀ ਲਈ ਵੀ ਕੀਤੀ ਕਾਮਨਾ
ਜਲੰਧਰ, 4 ਮਾਰਚ (ਅਮਰਜੀਤ ਸਿੰਘ)- ਕਰਨ ਦੇ ਘਰ ਖੁਸ਼ੀ ਦਾ ਉਦੋਂ ਕੋਈ ਠਿਕਾਣਾ ਨਹੀਂ ਰਿਹਾ ਜਦੋਂ ਉਹ ਸ਼ੁੱਕਰਵਾਰ ਦੀ ਸਵੇਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਨਵੀਂ ਦਿੱਲੀ ਵਿਖੇ ਦੂਜੇ ਭਾਰਤੀ ਵਿਦਿਆਰਥੀਆਂ, ਜਿਨ੍ਹਾਂ ਵਿੱਚੋਂ ਅੱਠ ਜਲੰਧਰ ਜ਼ਿਲ੍ਹੇ ਦੇ ਹਨ, ਦੇ ਨਾਲ ਸੁਰੱਖਿਅਤ ਵਾਪਸ ਪਹੁੰਚਿਆ।
ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਸ਼ਾਸਨ ਵੱਲੋਂ ਸਥਾਪਤ ਜ਼ਿਲ੍ਹਾ ਕੰਟਰੋਲ ਰੂਮ ਵਿੱਚ ਯੂਕਰੇਨ ਵਿੱਚ 56 ਵਿਦਿਆਰਥੀਆਂ ਦੇ ਫਸੇ ਹੋਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਸੀ, ਜਿਨ੍ਹਾਂ ਵਿੱਚੋਂ 16 ਸ਼ੁੱਕਰਵਾਰ ਦੁਪਹਿਰ ਤੱਕ ਸੁਰੱਖਿਅਤ ਵਾਪਸ ਪਰਤ ਆਏ ਹਨ।
ਕਰਨ ਦੇ ਪਿਤਾ ਗੁਰਦੀਪ ਲਾਲ, ਜੋ ਕਿ ਸਥਾਨਕ ਕਮਿਸ਼ਨਰੇਟ ਵਿਖੇ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਹਨ, ਨੇ ਆਪਣੇ ਪੁੱਤਰ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਨਾ ਸਿਰਫ਼ ਉਨ੍ਹਾਂ ਲਈ ਸਗੋਂ ਯੁੱਧ ਪ੍ਰਭਾਵਿਤ ਯੂਕਰੇਨ ਤੋਂ ਪਰਤੇ ਆਪਣੇ ਬੱਚਿਆਂ ਨੂੰ ਮਿਲਣ ਵਾਲੇ ਸਾਰੇ ਮਾਪਿਆਂ ਲਈ ਖੁਸ਼ੀ ਦੇ ਪਲ ਹਨ। ਐਮ.ਬੀ.ਬੀ.ਐਸ. ਦੇ ਤੀਜੇ ਸਮੈਸਟਰ ਦੇ ਵਿਦਿਆਰਥੀ ਕਰਨ (22) ਨੇ ਖਾਰਕੀਵ ਵਿਖੇ ਰੂਸੀ ਫੌਜਾਂ ਵੱਲੋਂ ਲਗਾਤਾਰ ਹਮਲਿਆਂ ਦੌਰਾਨ ਮੁਸ਼ਕਲ ਹਾਲਾਤ ਬਾਰੇ ਵੀ ਦੱਸਿਆ। ਉਸ ਨੇ ਦੱਸਿਆ ਕਿ ਜਿਸ ਇਲਾਕੇ ਵਿੱਚ ਉਹ ਰਹਿ ਰਹੇ ਸਨ, ਉੱਥੇ ਸਥਿਤੀ ਬਹੁਤ ਖਰਾਬ ਸੀ ਅਤੇ ਉਨ੍ਹਾਂ ਯੂਕਰੇਨ ਦੇ ਗੁਆਂਢੀ ਮੁਲਕਾਂ ਦੀਆਂ ਸਰਹੱਦਾਂ ’ਤੇ ਪਹੁੰਚ ਕੇ ਸੁੱਖ ਦਾ ਸਾਹ ਲਿਆ। ਉਸ ਨੇ ਦੱਸਿਆ ਕਿ ਅਸੀਂ ਹੰਗਰੀ ਦੀ ਸਰਹੱਦ 'ਤੇ ਪਹੁੰਚੇ, ਜਿੱਥੋਂ ਭਾਰਤੀ ਅਥਾਰਟੀ ਨੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਕਰਵਾਈ। ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਲਈ ਤਾਇਨਾਤ ਭਾਰਤੀ ਅਧਿਕਾਰੀਆਂ ਵੱਲੋਂ ਖਾਣ-ਪੀਣ, ਰਹਿਣ-ਸਹਿਣ ਆਦਿ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਨਵੀਂ ਦਿੱਲੀ ਲਿਆਂਦਾ ਗਿਆ।
ਯੂਕਰੇਨ ਵਿੱਚ ਫਸੇ ਹੋਰ ਵਿਦਿਆਰਥੀਆਂ ਦੀ ਜਲਦੀ ਅਤੇ ਸੁਰੱਖਿਅਤ ਵਾਪਸੀ ਦੀ ਕਾਮਨਾ ਕਰਦਿਆਂ ਗੁਰਦੀਪ ਲਾਲ ਨੇ ਕਿਹਾ ਕਿ ਜਲੰਧਰ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਣਕਾਰੀ ਇਕੱਤਰ ਕਰਨ ਤੇ ਭਾਰਤ ਸਰਕਾਰ ਨਾਲ ਸਾਂਝੀ ਕਰਨ ਲਈ ਕੰਟਰੋਲ ਰੂਮ ਸਥਾਪਤ ਕਰਨ ਖਾਤਰ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ, ਜਿਸ ਨੇ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਇਆ।
ਜਲੰਧਰ ਜ਼ਿਲ੍ਹੇ ਦੇ 16 ਵਿਦਿਆਰਥੀਆਂ ਦੀ ਦੋ ਪੜਾਵਾਂ ਵਿੱਚ ਵਾਪਸੀ 'ਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੁੱਲ 56 ਵਿਦਿਆਰਥੀਆਂ ਵਿੱਚੋਂ 15 ਪਹਿਲਾਂ ਹੀ ਪੋਲੈਂਡ ਦੀ ਸਰਹੱਦ 'ਤੇ ਅਤੇ 6 ਹੰਗਰੀ ਦੇ ਬਾਰਡਰ 'ਤੇ ਪਹੁੰਚ ਚੁੱਕੇ ਹਨ, ਜਿਨ੍ਹਾਂ ਨੂੰ ਵੀ ਕੁਝ ਦਿਨਾਂ ਵਿੱਚ ਨਵੀਂ ਦਿੱਲੀ ਲਿਆਂਦਾ ਜਾ ਰਿਹਾ ਹੈ।
ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਚਾਰ ਵਿਦਿਆਰਥੀ ਰੋਮਾਨੀਆ ਵਿੱਚ, ਇੱਕ ਜਰਮਨੀ ਵਿੱਚ ਅਤੇ ਤਿੰਨ ਸਲੋਵਾਕੀਆ ਵਿੱਚ ਹਨ। ਉਨ੍ਹਾਂ ਦੱਸਿਆ ਕਿ ਸੱਤ ਵਿਦਿਆਰਥੀ ਜ਼ਿਲ੍ਹੇ ਵਿੱਚ ਆਪਣੇ ਘਰਾਂ ਵਿੱਚ ਪਹੁੰਚ ਚੁੱਕੇ ਹਨ ਜਦਕਿ ਅੱਠ ਨਵੀਂ ਦਿੱਲੀ ਵਿਖੇ ਉਤਰੇ ਹਨ ਅਤੇ ਆਪਣੇ ਘਰਾਂ ਨੂੰ ਪਰਤਣ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਇਕ ਵਿਦਿਆਰਥੀ ਅੰਮ੍ਰਿਤਸਰ ਪਹੁੰਚ ਗਿਆ ਹੈ, ਜਦਕਿ ਸੱਤ ਅਜੇ ਵੀ ਖਾਰਕੀਵ ਤੇ ਪਿਸੋਚਿਨ ਅਤੇ ਇਕ ਲਵੀਵ ਸ਼ਹਿਰ ਵਿਚ ਫਸਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਫਲਾਈਟ ਰਾਹੀਂ ਦਿੱਲੀ ਪਹੁੰਚਣ ਵਾਲਿਆਂ ਵਿੱਚ ਵਿਦਿਆਰਥੀ ਜੈਸਮੀਨ ਕੌਰ, ਸੁਮਿਤ ਨਾਗਰਥ, ਕਰਨ ਕਿਸ਼ੋਰ, ਅਨੀਸ਼ ਕੁਮਾਰ ਬੱਧਨ, ਗੌਰਵ ਲੂਥਰਾ, ਵੰਦਨਾ, ਹਰਪ੍ਰੀਤ ਜੱਸੀ ਅਤੇ ਵਿਕਰਮ ਸ਼ਰਮਾ ਸ਼ਾਮਲ ਹਨ। ਇਸੇ ਤਰ੍ਹਾਂ ਵਿਦਿਆਰਥੀ ਗੌਰਵ ਪਰਾਸ਼ਰ, ਖੁਸ਼ਵਿੰਦਰ ਸਿੰਘ, ਹਰਜੋਤ ਕੌਰ ਮੱਲ੍ਹੀ, ਮਨਿੰਦਰ ਸਿੰਘ, ਵਰੁਣ ਕੁਮਾਰ ਹਰਜਾਈ, ਸ਼ਿਵਾਨੀ ਅਤੇ ਮਿਲਾਪ ਸਿੰਘ ਜਲੰਧਰ ਪਹੁੰਚ ਗਏ ਹਨ ਜਦਕਿ ਸਮੀਰ ਹੰਸ ਅੰਮ੍ਰਿਤਸਰ ਪਹੁੰਚ ਗਿਆ ਹੈ।
ਜਾਣਕਾਰੀ ਦੇਣ ਲਈ ਹੈਲਪਲਾਈਨ ਨੰਬਰ: ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਪਰਿਵਾਰਾਂ, ਜਿਨ੍ਹਾਂ ਦੇ ਮੈਂਬਰ ਅਜੇ ਵੀ ਯੁੱਧ ਪ੍ਰਭਾਵਿਤ ਮੁਲਕ ਯੂਕਰੇਨ ਵਿੱਚ ਫਸੇ ਹੋਏ ਹਨ, ਨੂੰ ਜ਼ਿਲ੍ਹਾ ਪੱਧਰ 'ਤੇ ਸਥਾਪਤ 24 ਘੰਟੇ ਕੰਟਰੋਲ ਰੂਮ 0181-2224417 ਅਤੇ 1100 'ਤੇ ਸੂਚਨਾ ਦੇਣ ਦੀ ਅਪੀਲ ਵੀ ਕੀਤੀ ।
0 Comments