ਸਮੁੱਚੀ ਮਾਨਵਤਾ ਦੇ ਰਹਿਬਰ ਹਨ ਗੁਰੂ ਨਾਨਕ ਪਾਤਸ਼ਾਹ ਜੀ : ਵਰਿਆਮ ਸਿੰਘ ਸੰਧੂ


ਜਲੰਧਰ 28 ਮਾਰਚ (ਅਮਰਜੀਤ ਸਿੰਘ, ਰੋਹਿਤ ਭਾਟੀਆ)-
ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੰਜਾਬੀ ਦੇ ਨਾਮਵਰ ਲੇਖਕ ਡਾ. ਵਰਿਆਮ ਸਿੰਘ ਸੰਧੂ ਦੁਆਰਾ ਰਚਿਤ ਵਾਰਤਕ ਪੁਸਤਕ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਦਿਆਂ ਉੱਪਰ ਡਾ. ਗੋਪਾਲ ਸਿੰਘ ਬੁੱਟਰ ਦੇ ਪ੍ਰਬੰਧ ਤਹਿਤ ਇੱਕ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪੁਸਤਕ ਦੇ ਲੇਖਕ ਡਾ. ਸੰਧੂ, ਪਰਚਾ ਲੇਖਕ ਕਹਾਣੀਕਾਰ ਬਲਵਿੰਦਰ ਗਰੇਵਾਲ, ਖੇਡ ਸਾਹਿਤ ਦੀ ਨਾਮਵਰ ਹਸਤੀ ਪ੍ਰਿੰਸੀਪਲ ਸਰਵਣ ਸਿੰਘ ਤੇ ਕਮੇਟੀ ਦੇ ਜਨਰਲ ਸਕੱਤਰ ਕਾ. ਪ੍ਰਿਥੀਪਾਲ ਸਿੰਘ ਮਾੜੀਮੇਘਾ ਸੁਸ਼ੋਭਤ ਹੋਏ। ਕਾਮਰੇਡ ਮਾੜੀਮੇਘਾ ਨੇ ਸਵਾਗਤੀ ਸ਼ਬਦ ਕਹਿੰਦਿਆਂ ਬੁੱਧੀਜੀਵੀ ਵਰਗ ਵਲੋਂ ਕਮੇਟੀ ਨੂੰ ਮਿਲਦੇ ਆ ਰਹੇ ਸਹਿਯੋਗ ਲਈ ਉਨ੍ਹਾਂ ਦਾ ਆਭਾਰ ਵਿਅਕਤ ਕੀਤਾ। ਪੁਸਤਕ ਬਾਰੇ ਵਿਚਾਰ ਚਰਚਾ ਦਾ ਆਰੰਭ ਕਰਦਿਆਂ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾ. ਮੰਗਤ ਰਾਮ ਪਾਸਲਾ ਨੇ ਗੁਰੂ ਜੀ ਦੇ ਮਾਨਵ ਹਿਤੈਸ਼ੀ ਸੰਦੇਸ਼ ਨੂੰ ਸਮਝਣ ਦੀ ਲੋੜ 'ਤੇ ਜ਼ੋਰ ਦਿੱਤਾ।

               


ਪ੍ਰਿੰਸੀਪਲ ਸਰਵਣ ਸਿੰਘ ਨੇ ਗੁਰੂ ਜੀ ਦੇ ਜੀਵਨ ਤੇ ਬਾਣੀ ਬਾਰੇ ਵਿਚਾਰ ਪ੍ਰਗਟਾਉਂਦਿਆਂ ਗੁਰੂ ਜੀ ਦੀ ਅਜ਼ਮਤ ਬਾਰੇ ਭਾਵ ਪੂਰਤ ਜਾਣਕਾਰੀ ਦਿੱਤੀ। ਪਰਚਾ ਲੇਖਕ ਬਲਵਿੰਦਰ ਸਿੰਘ ਗਰੇਵਾਲ ਨੇ ਗੁਰੂ ਜੀ ਵੱਲੋਂ ਮਨੁੱਖੀ ਸਮਾਜ ਦੇ ਕਲਿਆਣ ਹਿਤ ਪਾਏ ਅਹਿਮ ਯੋਗਦਾਨ ਬਾਰੇ ਗੱਲ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਮੁੱਚੀ ਮਾਨਵਤਾ ਦੇ ਰਹਿਬਰ ਦੱਸਿਆ। ਪਰਚਾ ਲੇਖਕ ਨੇ ਪੁਸਤਕ ਦੇ ਲੇਖਕ ਡਾ. ਵਰਿਆਮ ਸਿੰਘ ਸੰਧੂ ਦੀ ਸਿਰਜਣਾਤਮਿਕ ਪ੍ਰਤਿਭਾ ਬਾਰੇ ਵਿਚਾਰ ਪ੍ਰਗਟਾਉਂਦਿਆਂ ਉਹਨਾਂ ਦੁਆਰਾ ਪੰਜਾਬੀ ਸ਼ਬਦ ਸਭਿਆਚਾਰ ਵਿੱਚ ਪਾਏ ਵਡੇਰੇ ਯੋਗਦਾਨ ਦੀ ਪ੍ਰਸੰਸਾ ਕੀਤੀ। ਉੱਘੇ ਪੱਤਰਕਾਰ ਸਤਨਾਮ ਮਾਣਕ ਨੇ ਗੁਰੂ ਨਾਨਕ ਦੇਵ ਜੀ ਦੇ ਲੋਕ ਹਿਤੈਸ਼ੀ ਸੰਦੇਸ਼ ਲਈ ਸਮੁੱਚੀ ਮਾਨਵ ਜਾਤੀ ਲਈ ਅਹਿਮੀਅਤ ਬਾਰੇ ਵਿਚਾਰ ਪ੍ਰਗਟਾਏ।

ਡਾ. ਲਖਵਿੰਦਰ ਜੌਹਲ ਨੇ ਪੁਸਤਕ ਲੇਖਕ ਡਾ. ਸੰਧੂ ਦੀ ਲੇਖਣੀ ਬਾਰੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਗੁਰੂ ਜੀ ਵਰਗੀ ਅਜ਼ੀਮ    ਹਸਤੀ ਬਾਰੇ ਏਨੀ ਭਾਵਪੂਰਤ ਲਿਖਤ ਡਾ. ਸੰਧੂ ਵਰਗਾ ਪ੍ਰਤਿਭਾਵਾਨ ਲੇਖਕ ਹੀ ਲਿਖ ਸਕਦਾ ਹੈ। ਕਾ. ਅਮੋਲਕ ਨੇ ਗੁਰੂ ਨਾਨਕ ਦੇਵ ਜੀ ਦੇ ਕਿਰਤੀ ਜਮਾਤ ਨਾਲ ਲਗਾਓ ਦੀ ਗੱਲ ਕਰਦਿਆਂ ਉਹਨਾਂ ਨੂੰ ਦੱਬੇ ਕੁਚਲੇ ਤੇ ਕਿਰਤੀ ਕਾਮਿਆਂ ਦਾ ਸੱਚਾ ਰਹਿਬਰ ਦੱਸਿਆ। ਕਮੇਟੀ ਦੇ ਕਨਵੀਨਰ ਡਾ. ਗੋਪਾਲ ਸਿੰਘ ਬੁੱਟਰ ਨੇ ਮੰਚ ਸੰਚਾਲਨ ਕਰਦਿਆਂ ਪਹੁੰਚੀਆਂ ਹਸਤੀਆਂ, ਡਾ. ਸੰਧੂ ਦੀ ਰਚਨਾ ਤੇ ਜਗਤ ਗੁਰੂ ਬਾਬਾ ਨਾਨਕ ਜੀ ਬਾਰੇ ਮੁੱਲਵਾਨ ਟਿੱਪਣੀਆਂ ਨਾਲ ਵਿਚਾਰ ਗੋਸ਼ਟੀ ਦੀ ਰੌਚਿਕਤਾ ਤੇ ਸੰਜੀਦਗੀ ਬਣਾਈ ਰੱਖਣ ਦੇ ਸੁਚੇਤ ਉਪਰਾਲੇ ਕੀਤੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਕਾ. ਚਰੰਜੀ ਲਾਲ ਕੰਗਣੀਵਾਲ, ਸਰਦਾਰਨੀ ਰਜਵੰਤ ਕੌਰ ਸੰਧੂ, ਗੁਰ ਮੁਖ ਸਿੰਘ, ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਲੇਖਕ ਸੁਰਿੰਦਰ ਸਿੰਘ ਸੁੰਨੜ ਤੇ ਸੁਰਿੰਦਰ ਸੈਣੀ ਨੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਸਮਾਗਮ ਦੇ ਅਖੀਰ ਤੇ ਪੁਸਤਕ ਲੇਖਕ ਡਾ. ਵਰਿਆਮ ਸਿੰਘ ਸੰਧੂ ਨੇ ਇਸ ਪੁਸਤਕ ਲਿਖਣ ਦੀ ਪ੍ਰੇਰਨਾ ਤੇ ਉਦੇਸ਼ ਬਾਰੇ ਭਾਵਪੂਰਤ ਜਾਣਕਾਰੀ ਦਿੰਦਿਆਂ ਸਮਾਂ ਬੰਨ੍ਹ ਦਿੱਤਾ। ਇਸ ਸਮਾਗਮ ਵਿੱਚ ਦੁਆਬਾ ਕਾਲਜ ਤੋਂ ਡਾ. ਉਮਿੰਦਰ ਜੌਹਲ, ਮੁੱਖੀ ਪੰਜਾਬੀ ਵਿਭਾਗ, ਲਾਇਲਪੁਰ ਖਾਲਸਾ ਕਾਲਜ ਤੋਂ ਇਤਿਹਾਸ ਵਿਭਾਗ ਦੇ ਮੁੱਖੀ ਡਾ. ਸੁਮਨ ਚੋਪੜਾ, ਡਾ. ਅਮਨਦੀਪ ਕੌਰ ਤੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ। ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਭਾਰਤੀ ਮਜ਼ਦੂਰ ਸਭਾ ਬਰਮਿੰਘਮ ਯੂ.ਕੇ. ਦੇ ਆਗੂ ਕਾ. ਕੁਲਬੀਰ ਸਿੰਘ ਸੰਘੇੜਾ, ਕਾ. ਸੁਰਿੰਦਰ ਕੌਰ ਸੰਘੇੜਾ, ਕਾ. ਜਸਵੀਰ ਸਿੰਘ ਸ਼ੀਰਾ ਜੌਹਲ, ਕੁਲਵਿੰਦਰ ਕੌਰ ਬੁੱਟਰ, ਪਰਮਜੀਤ ਕਲਸੀ, ਸੰਤ ਸੰਧੂ, ਕੇਸਰ, ਹਰਮੇਸ਼ ਮਾਲੜੀ, ਵਿਜੈ ਬੰਬੇਲੀ, ਰਣਜੀਤ ਸਿੰਘ ਔਲਖ, ਐਡਵੋਕੇਟ ਰਾਜਿੰਦਰ ਮੰਡ, ਕਾ. ਗੁਰਦਰਸ਼ਨ ਬੀਕਾ, ਨਰਾਇਣ ਸਿੰਘ ਨਾਮਧਾਰੀ, ਕਾ. ਗੁਰਨਾਮ ਦਾਊਦ, ਡਾ. ਰਾਮ ਮੂਰਤੀ, ਪੀ.ਐਸ.ਯੂ. ਦੇ ਆਗੂ ਮੰਗਲਜੀਤ, ਰਮਨਦੀਪ, ਜਸਬੀਰ ਕੌਰ, ਕਾ. ਪੁਸ਼ਕਰ, ਕਾ. ਕਸ਼ਮੀਰ ਘੁੱਗਸ਼ੋਰ ਸਮੇਤ ਵੱਡੀ ਗਿਣਤੀ ਵਿੱਚ ਵਿਚਾਰਵਾਨਾਂ ਨੇ ਸ਼ਿਰਕਤ ਕੀਤੀ। ਸਮਾਗਮ ਦੇ ਅਖੀਰ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਿੱਤ ਸਕੱਤਰ ਇੰਜ. ਸੀਤਲ ਸਿੰਘ ਸੰਘਾ ਨੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ।

Post a Comment

0 Comments