ਆਦਮਪੁਰ 21 ਅਪ੍ਰੈਲ (ਅਮਰਜੀਤ ਸਿੰਘ)- ਥਾਣਾ ਆਦਮਪੁਰ ਦੇ ਪਿੰਡ ਸਫ਼ੀਪੁਰ ਵਿਖੇ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਨੂੰ ਸਿਹਤ ਵਿਭਾਗ ਤੇ ਆਦਮਪੁਰ ਪੁਲਿਸ ਨੇ ਬੰਦ ਕਰਵਾਇਆ ਹੈ। ਇਸ ਨਸ਼ਾ ਛੁਡਾਊ ਕੇਂਦਰ ਚੋ 20 ਮਰੀਜ਼ਾਂ ਨੂੰ ਜਲੰਧਰ ਸਿਵਲ ਹਸਪਤਾਲ ਵਿਖੇ ਰੈਫ਼ਰ ਕਰ ਦਿਤਾ ਗਿਆ ਹੈ। ਘਟਨਾਸਥੱਲ ਤੇ ਹਾਜ਼ਰ ਡਿਪਟੀ ਮੈਡੀਕਲ ਕਮਿਸ਼ਨਰ ਡਾ: ਜੋਤੀ ਸ਼ਰਮਾ ਜਲੰਧਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਸਫ਼ੀਪੁਰ ਵਿਖੇ ਗੈਰ-ਕਾਨੂੰਨੀ ਤਰੀਕੇ ਨਾਲ ਨਸ਼ਾ ਛੁੜਾਊ ਕੇਂਦਰ ਚੱਲ ਰਿਹਾ ਹੈ। ਜਿਸ ਵਿਚ ਕਾਫੀ ਗਿਣਤੀ ਚ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਰੱਖਿਆ ਗਿਆ ਹੈ। ਉਨ੍ਹਾਂ ਦੇ ਪਰਿਵਾਰਾਂ ਤੋਂ ਹਰ ਮਹੀਨੇ ਹਜ਼ਾਰਾਂ ਰੁਪਏ ਇਲਾਜ ਦੇ ਨਾਂਅ 'ਤੇ ਵਸੂਲੇ ਜਾਂਦੇ ਹਨ ਪਰ ਇਲਾਜ ਸਹੀ ਢੰਗ ਨਾਲ ਨਹੀਂ ਕੀਤਾ ਜਾਂਦਾ।
ਇਸ ਗੱਲ ਦਾ ਪਤਾ ਲੱਗਦੇ ਹੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਭੋਗਪੁਰ, ਸੀਨੀਅਰ ਮੈਡੀਕਲ ਅਫ਼ਸਰ ਰਿਚਰਡ ਓਹਰੀ ਸਿਹਤ ਕੇਂਦਰ ਕਾਲਾ ਬੱਕਰਾ, ਸਾਇਕੈਟਿ੍ਸਟ ਡਾ: ਹਰਮਨਪ੍ਰੀਤ ਕੌਰ ਜਲੰਧਰ ਡਰੱਗ ਇੰਸਪੈਕਟਰ, ਪਟਵਾਰੀ ਜਸਵਿੰਦਰ ਸਿੰਘ ਸਮੇਤ ਥਾਣਾ ਮੁਖੀ ਯਾਦਵਿੰਦਰ ਸਿੰਘ ਦੀ ਟੀਮ ਨਸ਼ਾ ਛੁੜਾਊ ਕੇਂਦਰ ਪਹੁੰਚੀ। ਡਾ: ਜੋਤੀ ਸ਼ਰਮਾ ਨੇ ਕਿਹਾ ਕਿ ਪੂਰੀ ਛਾਣਬੀਣ ਕਰਨ ਉਪਰੰਤ ਪਤਾ ਲੱਗਾ ਕਿ ਇੱਥੇ ਗੈਰ-ਕਾਨੂੰਨੀ ਤਰੀਕੇ ਬਿਨ੍ਹਾਂ ਲਾਇਸੈਂਸ ਨਾਲ ਨਸ਼ਾ ਛੁੜਾਊ ਕੇਂਦਰ ਚੱਲ ਰਿਹਾ ਸੀ ਜਿਸ ਵਿਚ 19 ਮਰੀਜ਼ ਦਾਖਲ ਸਨ। ਸੈਂਟਰ 'ਚ ਕੋਈ ਅਸਿਸਟੈਂਟ, ਸਾਇਕੈਟਿ੍ਸਟ, ਡਾਕਟਰ ਜਾਂ ਫਿਰ ਕੌਂਸਲਿੰਗ ਮਾਹਿਰ ਨਹੀਂ ਸੀ, ਨਾ ਹੀ ਕੋਈ ਬੋਰਡ ਬਾਹਰ ਲੱਗਾ ਸੀ। ਇਸ ਮਾਮਲੇ ਸੰਬੰਧੀ ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਸੈਂਟਰ ਚਲਾਉਣ ਵਾਲੇ ਦੋ ਵਿਅਕਤੀਆ ਨੂੰ ਗਿ੍ਫ਼ਤਾਰ ਕਰ ਮਾਮਲਾ ਦਰਜ ਕੀਤਾ ਗਿਆ ਹੈ।
0 Comments