ਹੁਸ਼ਿਆਰਪੁਰ/ਤਲਵਾਡ਼ਾ 8 ਮਈ (ਤਰਸੇਮ ਦੀਵਾਨਾ)- ਭਾਰਤ ਪਾਕਿਸਤਾਨ ਵਿਚਾਲੇ ਤਣਾਅ ਦਰਮਿਆਨ ਬੀਤੀ ਦੇਰ ਰਾਤ ਨੇਡ਼ਲੇ ਪਿੰਡ ਘਗਵਾਲ ਵਿਖੇ ਬੰਬ ਨੁੰਮਾ ਵਸਤੂ ਡਿੱਗਣ ਉਪਰੰਤ ਲੋਕਾਂ ’ਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਥਾਣਾ ਹਾਜੀਪੁਰ ਅਧੀਨ ਪੈਂਦੇ ਪਿੰਡ ਘਗਵਾਲ ਵਾਸੀ ਅਸ਼ੋਕ ਕੁਮਾਰ ਨੇ ਦਸਿਆ ਕਿ 6-7 ਦੀ ਦਰਮਿਆਨੀ ਰਾਤ ਨੂੰ ਕਰੀਬ ਡੇਢ ਵਜੇ ਉਨਾਂ ਦੇ ਵਿਹਡ਼ੇ ’ਚ ਅਸਮਾਨ ਚੋਂ ਇੱਕ ਬੰਬ ਨੁੰਮਾ ਵਸਤੂ ਆਣ ਡਿੱਗੀ। ਜਿਸ ਦੀ ਆਵਾਜ਼ ਸੁਣ ਕੇ ਉਹ ਅਤੇ ਨੇਡ਼ਲੇ ਘਰਾਂ ’ਚ ਸੁੱਤੇ ਲੋਕ ਉੱਠ ਖਡ਼੍ਹੇ ਹੋਏ। ਉਕਤ ਵਸਤੂ ’ਚੋਂ ਧੂੰਆ ਨਿਕਲ ਰਿਹਾ ਸੀ। ਘਟਨਾਂ ਦੀ ਸੂਚਨਾ ਹਾਜੀਪੁਰ ਪੁਲੀਸ ਨੂੰ ਦਿੱਤੀ ਗਈ। ਥਾਣਾ ਹਾਜੀਪੁਰ ਮੁਖੀ ਹਰਪ੍ਰੇਮ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਮੌਕੇ ’ਤੇ ਪਹੁੰਚ ਬੰਬ ਨੁੰਮਾ ਵਸਤੂ ਜਿਸ ’ਤੇ ਇੱਕ ਲਡ਼ੀ ਨੰਬਰ ਅਤੇ ਅੰਗਰੇਜ਼ੀ ਭਾਸ਼ਾ ਵਿੱਚ ‘ਟੈਸਟ ਪੋਰਟ ਸੀਕਰੇਟ’ ਉਕਰਿਆ ਹੋਇਆ ਸੀ, ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ, ਜਿਸ ਦੀ ਅਗਲੇਰੀ ਜਾਂਚ ਲਈ ਪੁਲੀਸ ਨੇ ਫੋਰੈਂਸਿਕ ਟੀਮ ਨਾਲ ਰਾਬਤਾ ਕੀਤਾ, ਖ਼ਬਰ ਲਿਖੇ ਜਾਣ ਤੱਕ ਫੋਰੈਂਸਿਕ ਟੀਮ ਜਾਂਚ ਕਰ ਰਹੀ ਸੀ। ਘਟਨਾਂ ਉਪਰੰਤ ਘਗਵਾਲ ਵਾਸੀਆਂ ’ਚ ਸਹਿਮ ਅਤੇ ਦਹਿਸ਼ਤ ਪਾਈ ਜਾ ਰਹੀ ਹੈ।
0 Comments