ਜਬਰੀ ਵਸੂਲੀ ਤੇ ਬਲੈਕਮੇਲਿੰਗ ਕਰਨ ਵਾਲੇ ਪੱਤਰਕਾਰਾਂ ਨੂੰ ਨਹੀਂ ਬਖਸ਼ਿਆ ਜਾਏਗਾ-ਬਲਵੀਰ ਸਿੰਘ ਸੈਣੀ
ਹੁਸ਼ਿਆਰਪੁਰ, 26 ਜੂਨ ( ਤਰਸੇਮ ਦੀਵਾਨਾ )- ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਪੰਜਾਬ ਇੰਡੀਆ ਜ਼ਿਲਾ ਹੁਸ਼ਿਆਰਪੁਰ ਦੀ ਇੱਕ ਵਿਸ਼ੇਸ਼ ਮੀਟਿੰਗ ਸਕੱਤਰ ਜਨਰਲ ਇੰਡੀਆ ਵਿਨੋਦ ਕੌਸ਼ਲ ਤੇ ਪੰਜਾਬ ਪ੍ਰਧਾਨ ਪ੍ਰਿੰ. ਬਲਵੀਰ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਭੂੰਗਰਨੀ ਦੀ ਪ੍ਰਧਾਨਗੀ ਹੇਠ ਮਿੰਨੀ ਸਕੱਤਰਰੇਤ ਹੁਸ਼ਿਆਰਪੁਰ ਵਿਖ਼ੇ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਭੁੰਗਰਨੀ ਨੇ ਦੱਸਿਆ ਕਿ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵੱਖ ਵੱਖ ਬੁਲਾਰਿਆਂ ਨੇ ਫ਼ੀਲਡ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਸੰਬੰਧੀ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਨੋਟਿਸ ਲਿਆ ਗਿਆ ਕਿ ਪੰਜਾਬ ਸਰਕਾਰ ਦੇ ਲੋਕ ਸੰਪਰਕ਼ ਵਿਭਾਗ ਵੱਲੋਂ ਬਣਾਏ ਜਾਂਦੇ ਪੀਲੇ ਕਾਰਡ ਅਤੇ ਐਕਰਿਡੇਟਿਡ ਕਾਰਡ ਬਣਾਉਣ ਦੇ ਨਾਮ ਤੇ ਪੱਤਰਕਾਰਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਤੇ ਅੱਗੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਲੋਕ ਸੰਪਰਕ ਦਫਤਰ ਵੱਲੋਂ ਜ਼ਿਲੇ ਵਿੱਚ ਆਉਂਦੇ ਵੀਆਈਪੀ ਦੀ ਕਵਰੇਜ ਕਰਨ ਲਈ ਭੇਜੇ ਜਾਂਦੇ ਸੱਦਾ ਪੱਤਰਾਂ ਵਿੱਚ “ਕੇਵਲ ਪੀਲੇ ਕਾਰਡ ਧਾਰਕ ਜਾਂ ਐਕਰੀਡੇਟਿਡ ਪੱਤਰਕਾਰਾਂ” ਦੀ ਸ਼ਰਤ ਲੱਗਾ ਕੇ ਜ਼ਲਾਲਤ ਦੀ ਹੱਦ ਮੁੱਕਾ ਦਿੱਤੀ ਗਈ ਹੈ ਜਿਸ ਦੀ ਸਖ਼ਤ ਨਿਖੇਧੀ ਕੀਤੀ ਗਈ |
ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਅਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਤੇ ਡਾਇਰੈਕਟਰ ਨੂੰ ਮਿਲ ਕੇ ਆਪਣਾ ਇਤਰਾਜ਼ ਦਰਜ ਕਰਵਾਇਆ ਜਾਵੇਗਾ ਅਤੇ ਪੀਲੇ ਕਾਰਡ ਬਣਾਉਣ ਲਈ ਪੱਤਰਕਾਰਾਂ ਦੀ ਕੀਤੀ ਜਾਂਦੀ ਜਲਾਲਤ ਅਤੇ ਖੱਜਲ ਖੁਆਰੀ ਨੂੰ ਬੰਦ ਕਰਨ ਲਈ ਮੈਮੋਰੰਡਮ ਦਿੱਤਾ ਜਾਵੇਗਾ ਤਾਂ ਜੋ ਇਸ ਸੰਬੰਧੀ ਪਾਲਿਸੀ ਬਣਾਈ ਜਾ ਸਕੇ | ਇਸ ਮੌਕੇ ਆਪਣੇ ਸੰਬੋਧਨ ਵਿੱਚ ਪੰਜਾਬ ਪ੍ਰਧਾਨ ਪ੍ਰਿੰਸੀਪਲ ਬਲਵੀਰ ਸਿੰਘ ਸੈਣੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਮੀਡੀਆ ਜਗਤ ਨੂੰ ਬਦਲਾਉ ਦੀਆਂ ਬਹੁਤ ਉਮੀਦਾਂ ਸਨ ਪਰ ਅਮਲੀ ਤੌਰ ਤੇ ਵੇਖਿਆ ਜਾ ਰਿਹਾ ਹੈ ਕਿ ਪਹਿਲੀਆਂ ਸਰਕਾਰਾਂ ਨਾਲੋਂ ਕੋਈ ਬਦਲਾਉ ਨਹੀਂ ਆਇਆ | ਉਹਨਾਂ ਦੱਸਿਆ ਕਿ ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਕਈ ਵਾਰੀ ਲਿਖਤੀ ਤੌਰ ਤੇ ਮੈਮੋਰੰਡਮ ਮੁੱਖ ਮੰਤਰੀ ਪੰਜਾਬ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਭੇਜੇ ਜਾ ਚੁੱਕੇ ਹਨ ਪਰ ਕੋਈ ਜਵਾਬ ਨਹੀਂ ਮਿਲਿਆ |
ਪੱਤਰਕਾਰਾਂ ਨਾਲ ਕੰਮ ਕਰਨ ਦੌਰਾਨ ਕੋਈ ਧਕੇਸ਼ਾਹੀਆਂ ਤੇ ਵਧੀਕੀਆਂ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ
ਉਹਨਾਂ ਕਿਹਾ ਕਿ ਪੱਤਰਕਾਰਾਂ ਨਾਲ ਕੰਮ ਕਰਨ ਦੌਰਾਨ ਕੋਈ ਧਕੇਸ਼ਾਹੀਆਂ ਤੇ ਵਧੀਕੀਆਂ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਜਿਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਮੀਟਿੰਗ ਵਿੱਚ ਕੁਝ ਪੱਤਰਕਾਰਾਂ ਵੱਲੋਂ ਜਬਰੀ ਵਸੂਲੀ ਅਤੇ ਬਲੈਕ ਮੇਲਿੰਗ ਦੀਆਂ ਸ਼ਿਕਾਇਤਾਂ ਮਿਲਣ ‘ਤੇ ਇਸ ਦਾ ਸਖਤ ਨੋਟਿਸ ਲਿਆ ਗਿਆ ਅਤੇ ਮੀਡੀਆ ਜਗਤ ਵਿੱਚ ਘੁਸਪੈਠ ਕਰ ਚੁੱਕੇ ਅਜਿਹੇ ਅਨਸਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਕਿ ਉਹ ਆਪਣੇ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ |
ਇਸ ਮੌਕੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਵੱਲੋਂ ਸਾਲ 2025-26 ਲਈ ਬਣਾਏ ਗਏ ਸ਼ਨਾਖਤੀ ਕਾਰਡ ਵੀ ਤਕਸੀਮ ਕੀਤੇ ਗਏ | ਜਿਲਾ ਪ੍ਰਧਾਨ ਹਰਵਿੰਦਰ ਸਿੰਘ ਭੁੰਗਰਨੀ ਨੇ ਮੀਟਿੰਗ ਵਿਚ ਆਏ ਸਾਰੇ ਪੱਤਰਕਾਰ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਯਕੀਨ ਦਿਵਾਇਆ ਕਿ ਜਥੇਬੰਦੀ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾਂ ਤਤਪਰ ਰਹੇਗੀ | ਇਸ ਮੌਕੇ ਮੀਟਿੰਗ ਦੌਰਾਨ ਜੁਆਇੰਟ ਜਨਰਲ ਇੰਡੀਆ ਤਰਸੇਮ ਦੀਵਾਨਾ, ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ ਪੰਜਾਬ, ਅਸ਼ਵਨੀ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਓਪੀ ਰਾਣਾ ਜ਼ਿਲ੍ਹਾ ਜਨਰਲ ਸਕੱਤਰ, ਜਗਤਾਰ ਸਿੰਘ ਭੁੰਗਰਨੀ, ਜਸਵੀਰ ਸਿੰਘ ਮੁੱਖਲਿਆਣਾ ਪ੍ਰਧਾਨ ਮੇਹਟਿਆਣਾ, ਗੁਰਪਾਲ ਸਿੰਘ ਮੇਹਟਿਆਣਾ, ਸੁਖਵਿੰਦਰ ਸਿੰਘ ਮੁਕੇਰੀਆਂ, ਪਰਮਜੀਤ ਸਿੰਘ ਮੁੱਗੋਪੱਟੀ, ਗੁਰਨਾਮ ਸਿੰਘ ਪੰਡੋਰੀ ਨਿੱਜਰਾਂ, ਮਾਸਟਰ ਮੋਹਨ ਸਿੰਘ ਡਾਂਡੀਆਂ ,ਮਨਵੀਰ ਸਿੰਘ ਬੱਡਲਾ, ਮਹਿੰਦਰ ਸਿੰਘ ਗੜ੍ਹਦੀਵਾਲਾ ਆਦਿ ਹਾਜ਼ਰ ਸਨ।
0 Comments