ਸਾਜਾਂ ਵਿਚੋਂ ਢੋਲ ਸਾਜ਼ ਇਕ ਐਸਾ ਸਾਜ਼ ਹੈ ਜਿਸਦੇ ਹਿੱਸੇ ਖ਼ੁਸ਼ੀਆਂ ਵੰਡਣਾ ਹੀ ਆਉਂਦਾ ਤੇ ਸੋਭਦਾ ਹੈ। ਸਦਾ-ਬਹਾਰ ਖ਼ੁਸ਼ੀਆਂ ਵੰਡਦਾ ਇਹ ਸਾਜ਼ ਢੋਲ ਹੋਵੇ ਤੇ ਅੰਤਰਰਾਸ਼ਟਰੀ ਢੋਲੀ ਗੋਰਾ ਲੌਂਗੋਵਾਲੀਆ ਦੇ ਗਲ਼ ਦਾ ਹਾਰ ਬਣਿਆ ਹੋਵੇ, ਫਿਰ ਤਾਂ ਸਮਝੋ ਚੰਡੀਗੜ੍ਹ ਵੱਜਦਾ ਲਹੌਰ ਤੱਕ ਧੁੰਮਾਂ ਪਾਉਂਦਾ ਨੱਚਣ ਲਾ ਦਿੰਦਾ ਹੈ, ਲੋਕਾਂ ਨੂੰ। ਹੋਰ ਤਾਂ ਹੋਰ ਬੀਮਾਰਾਂ ਦੇ ਹਿਰਦੇ ਵੀ ਐਸੇ ਨਸ਼ਿਆਕੇ ਰੱਖ ਦਿੰਦਾ ਹੈ ਕਿ ਉਨ੍ਹਾਂ ਦੀ ਅੱਡੀ ਵੀ ਗੇੜਾ ਲਾਏ ਬਗੈਰ ਟਿਕ ਕੇ ਬਹਿਣ ਨਹੀ ਦਿੰਦੀ।
ਜਿਲ੍ਹਾ ਸੰਗਰੂਰ ਦੇ ਪਿੰਡ ਲੌਂਗੋਵਾਲ ਦੇ ਜੰਮਪਲ ਗੋਰੇ ਨੂੰ ਉਸ ਦੇ ਅਸਲ ਨਾਂ ‘ਚਮਕੌਰ ਸਿੰਘ ਗੋਰਾ’ ਤੋਂ ਸ਼ਾਇਦ ਉਸ ਦੇ ਹਮ-ਜਮਾਤੀ ਤੇ ਟੀਚਰ ਵੀ ਨਹੀ ਜਾਣਦੇ ਹੋਣੇ, ਜਦ ਕਿ ‘ਗੇਰਾ ਲੌਂਗੋਵਾਲੀਆ’ ਨਾਂਓ ਤੋਂ ਉਸ ਨੂੰ ਵਿਦੇਸ਼ਾਂ ਤੱਕ ਵੀ ਜਾਣਦੇ ਹਨ। ਪਿਤਾ ਜੀ ਰੂਪ ਸਿੰਘ ਅਤੇ ਬਾਬਾ ਸੀਤਾ ਸਿੰਘ ਜੀ ਢੋਲ ਵਜਾਉਂਦੇ ਹੋਣ ਕਰ ਕੇ ਘਰ ਵਿਚ ਅਕਸਰ ਢੋਲ ਦੀਆਂ ਗੂੰਜਾਂ ਪੈਂਦੀਆਂ ਹੀ ਰਹਿੰਦੀਆਂ ਸਨ। ਘਰ ਦੇ ਇਸ ਸੰਗੀਤਕ ਮਹੌਲ ਦਾ ਬਾਲ ਦੇ ਕੋਮਲ ਮਨ ਉਤੇ ਵੀ ਅਸਰ ਹੋਣਾ ਸੁਭਾਵਿਕ ਤੇ ਕੁਦਰਤੀ ਹੀ ਸੀ। ਗੋਰਾ ਦੱਸਦਾ ਹੈ ਕਿ ਉਹ ਪੰਜ ਸਾਲ ਦਾ ਸੀ, ਜਦੋਂ ਉਸ ਦੇ ਹੱਥਾਂ ’ਚ ਫੜਿਆ ਛੋਟਾ ਜਿਹਾ ਲੱਕੜੀ ਦਾ ਡਗਾ ਢੋਲ ਉਤੇ ਨੱਚਦਾ ਦੂਜਿਆਂ ਨੂੰ ਵੀ ਨਚਾਉਣ ਦਾ ਜੋਸ਼ ਪੈਦਾ ਕਰਨ ਲੱਗ ਪਿਆ ਸੀ। ਉਸ ਨੇ ਸ਼ਹੀਦ ਭਾਈ ਮਤੀ ਦਾਸ ਜੀ ਸ. ਸ. ਸੈਕੰਡਰੀ ਸਕੂਲ ਤੋਂ +2 ਕੀਤੀ। ਉਪਰੰਤ ਕਾਲਜ ਦੀ ਪੜ੍ਹਾਈ ਲਈ ਪੁਸ਼ਪਿੰਦਰ ਸਿੰਘ ਪੁਸ਼ਪੀ ਅਤੇ ਗੁਰਸੇਵਕ ਸਿੰਘ ਫੌਜੀ ਹੋਰਾਂ ਨੇ ਉਸ ਨੂੰ ਵੀ ਆਪਣੇ ਨਾਲ ਹੀ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ, ਬਰਨਾਲਾ ਵਿੱਚ ਦਾਖਲ ਕਰਵਾ ਲਿਆ। ਫਿਰ, ਉਸ ਤੋਂ ਬਾਅਦ ਉਸ ਨੇ ਪ੍ਰੋ. ਮੇਜਰ ਸਿੰਘ ਚੱਠਾ ਜੀ ਕੋਲ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਸੰਗਰੂਰ ਵਿਖੇ ਆਪਣੀ ਪੜ੍ਹਾਈ ਕੀਤੀ। ਉਸਦੇ ਭੰਗੜੇ ਦੇ ਗੁਰੂ ਮਨਜੀਤ ਕੁਮਾਰ ਜੱਸੀ ਲੌਂਗੋਵਾਲੀਆ ਅਤੇ ਢੋਲ ਦੇ ਗੁਰੂ ਪ੍ਰੀਤਮ ਸਿੰਘ ਬਡਬਰ ਹਨ, ਜਿਨ੍ਹਾਂ ਪਾਸੋਂ ਉਸ ਨੇ ਭੰਗੜੇ ਅਤੇ ਢੋਲ ਦੀਆਂ ਗਹਿਰਾਈਆਂ ਦੀ ਬਕਾਇਦਾ ਰੂਹ ਨਾਲ ਸਿੱਖਿਆ ਪ੍ਰਾਪਤ ਕੀਤੀ। ਉਸ ਨੂੰ ਪੰਜਾਬੀ ਯੂਨੀ. ਪਟਿਆਲਾ, ਪੰਜਾਬ ਖੇਤੀ-ਬਾੜੀ ਯੂਨੀ. ਲੁਧਿਆਣਾ, ਪੰਜਾਬ ਯੂਨੀ. ਚੰਡੀਗੜ੍ਹ ਅਤੇ ਗੁਰੂ ਨਾਨਕ ਦੇਵ ਯੂਨੀ. ਅੰਮ੍ਰਿਤਸਰ ਆਦਿ ਦੇ ਮੇਲਿਆਂ ਦੇ ਨਾਲ-ਨਾਲ ਅਨੇਕਾਂ ਓਪਨ ਮੇਲਿਆਂ ਵਿਚ ਭੰਗੜਾ ਟੀਮਾਂ ਨਾਲ ਪੇਸ਼ਕਾਰੀ ਕਰਨ ਦਾ ਸੁਭਾਗ ਹਾਸਲ ਹੋਇਆ। ਪੰਜਾਬ ਦੇ ਕੋਨੇ-ਕੇਨੇ ਤੋਂ ਇਲਾਵਾ ਉਸਨੇ ਗੋਆ, ਬੰਬਈ, ਜੈਪੁਰ, ਕਲਕੱਤਾ, ਉੜੀਸਾ, ਚੇਨਈ, ਬੰਗਲੌਰ ਉਟੀ ਆਦਿ ਭਾਰਤ ਦੇ ਸੂਬਿਆਂ ਦਾ ਕੋਨਾ-ਕੋਨਾ ਗਾਹ ਮਾਰਿਆ। ਪੰਜਾਬੀ ਫਿਲਮਾਂ ਦੇ ਗਾਣਿਆਂ ਵਿਚ ਵੀ ਉਸ ਨੇ ਬਤੌਰ ਢੋਲੀ ਅਮਰਿੰਦਰ ਗਿੱਲ ਨਾਲ ਫਿਲਮ ‘ਅਸ਼ਕੇ’ ਵਿਚ, ਗਿੱਪੀ ਗਰੇਵਾਲ ਦੇ ਗੀਤ, ‘ਲੱਕੀ ਅਣਲੱਕੀ’ ਅਤੇ ਸਰਬਜੀਤ ਸੁੱਖੀ ਦੇ ਗੀਤ, ‘‘ਗੱਪ-ਛੱਪ’’ ਆਦਿ ਵਿਚ ਲਗਾਈਆਂ ਹਾਜ਼ਰੀਆਂ ਵਿਸੇਸ਼ ਵਰਨਣ ਯੋਗ ਹਨ। ਇਸੇ ਹੀ ਕਲਾ ਦੇ ਖੰਭਾਂ ਉਤੇ ਉਡਾਰੀਆਂ ਮਾਰਦਿਆਂ ਗੋਰਾ ਭਾਰਤ ਤੋਂ ਬਾਹਰ ਇੰਗਲੈਂਡ ਜਾ ਪੁੱਜਾ, ਜਿੱਥੋਂ ਦੇ ਸ਼ਹਿਰ ਲੈਗੌਲਿੰਨ ਦੇ ਫੈਸਟੀਵਲ ਵਿੱਚ ਉਸਨੇ ਬਹੁਤ ਵਾਰ ਹਿੱਸਾ ਲਿਆ।
ਅਨੇਕਾਂ ਕਲੱਬਾਂ, ਸੰਸਥਾਵਾਂ ਅਤੇ ਮੇਲਿਆਂ ਵੱਲੋਂ ਸੈਂਕੜਿਆਂ ਦੀ ਗਿਣਤੀ ਵਿਚ ਮਿਲੇ ਸਨਮਾਨਾਂ ਤੋਂ ਇਲਾਵਾ ਉਸ ਨੂੰੰ ਜੋਨ, ਇੰਟਰਜੋਨ, ਪੰਜਾਬ ਦੇ ਗਵਰਨਰ ਵਲੋਂ ਸਟੇਟ ਐਵਾਰਡ, ਨੈਸ਼ਨਲ, ਇੰਟਰਨੈਸ਼ਨਲ ਆਦਿ ਬਹੁਤ ਸਨਮਾਨ ਮਿਲੇ। ਇਸੇ ਢੋਲ-ਕਲਾ ਦੀ ਬਦੌਲਤ 2004 ਵਿਚ ਭਾਰਤ ਦੇ ਰਾਸ਼ਟਰਪਤੀ ਸ੍ਰੀ ਅਬਦੁਲ ਕਲਾਮ ਜੀ ਨਾਲ ਉਸਨੂੰ ਮਿਲਣ ਦਾ ਸੁਭਾਗ ਹਾਸਲ ਹੋਇਆ। . . ਇੰਗਲੈਂਡ ਵਿਖੇ ਹੋਏ ‘ਫੋਕ ਸਟਾਰ’ ਵਿਚ ਉਸ ਨੂੰ ‘ਬੈਸਟ ਢੋਲੀ’ ਦਾ ਅਵਾਰਡ ਪ੍ਰਾਪਤ ਹੋਇਆ। ਫਿਰ, ਕਨੇਡਾ ਦੇ ਵੱਖ-ਵੱਖ ਸ਼ਹਿਰਾਂ ਕੈਲਗਰੀ, ਵੈਨਕੂਵਰ, ਸਰੀ ਤੇ ਟੋਰਾਂਟੋ ਆਦਿ ਵਿਚ ਉਸ ਨੇ ਆਪਣੇ ਢੋਲ ਦੇ ਜਾਦੂ ਭਰੇ ਰੰਗ ਦਿਖਾਏ। ਅਮਰੀਕਾ ਵਿੱਚ ਹੋਏ ਭੰਗੜੇ ਦੇ ਕੰਪੀਟੀਸ਼ਨ ਵਿੱਚ ਵੀ ਹਿੱਸਾ ਲੈਕੇ ਉਥੋਂ ਵੀ ‘ਬੈਸਟ ਢੋਲੀ’ ਦਾ ਅਵਾਰਡ ਉਸਨੇ ਝੋਲੀ ਪੁਆਇਆ। ਢੋਲ ਦਾ ਜਾਦੂਗਰ, ਸੋਹਣਾ-ਸੁਨੱਖਾ ਇਹ ਗੱਭਰੂ ਇਸ ਵਕਤ ਅਮਰੀਕਾ ਦੇ ਦੌਰੇ ਤੇ ਹੈ। ਅਮਰੀਕਾ ਤੋਂ ਬਾਅਦ ਉਹ ਕਨੇਡਾ ਦੇ ਪ੍ਰੋਗਰਾਮਾਂ ਦੀਆਂ ਹਾਜ਼ਰੀਆਂ ਭਰਨ ਪਿੱਛੋਂ ਆਪਣੇ ਵਤਨ ਭਾਰਤ ਪਰਤੇਗਾ। ਐਨਾ ਕੁਝ ਹਾਸਲ ਕਰਨ ਵਾਲੇ ਇਸ ਨੌ-ਜਵਾਨ ਦਾ ਇਨ੍ਹਾਂ ਪ੍ਰਾਪਤੀਆਂ ਬਾਰੇ ਕਹਿਣ ਹੈ, ‘‘ਇਹ ਸਭ ਕੁੱਝ ਮਾਨ-ਸਨਮਾਨ ਮੇਰੇ ਮਾਤਾ-ਪਿਤਾ, ਮੇਰੇ ਗੁਰੂ, ਸੂਝਵਾਨ ਦਰਸ਼ਕਾਂ, ਸੱਜਣਾਂ-ਬੇਲੀਆਂ ਦੀ ਹੱਲਾ-ਸ਼ੇਰੀ ਅਤੇ ਓਸ ਵਹਿਗੂਰੁ ਦੀ ਰਹਿਮਤ ਅਤੇ ਬਖ਼ਸ਼ੀਸ ਸਦਕਾ ਹੀ ਹੋ ਸਕਿਆ ਹੈ। ਓਸ ਵਾਹਿਗੁਰੂ ਨੇ ਜਿਵੇਂ ਨਚਾਇਆ, ਮੈਂ ਨੱਚਦਾ ਰਿਹਾ, ਜਿਵੇਂ ਗਲ ’ਚ ਢੋਲ ਪੁਆ ਕੇ, ਹੱਥ ਡਗਾ ਫੜਾ ਕੇ ਨਚਵਾਇਆ, ਉਵੇਂ ਨਚਾਂਉਂਦਾ ਰਿਹਾ।’’
ਆਪਣੇ ਪਿੰਡ, ਸੂਬਾ ਅਤੇ ਆਪਣੇ ਦੇਸ਼ ਭਾਰਤ ਦਾ ਨਾਂਓ ਦੁਨੀਆਂ ਭਰ ਵਿਚ ਉਚਾ ਕਰ ਰਹੇ ਨੌਜਵਾਨ ਗੋਰਾ ਲੌਂਗੋਵਾਲੀਆਂ ਦੀ ਯਾਦੂ ਭਰੀ ਕਲਾ ੳਤੇ ਜਿੰਨਾ ਵੀ ਮਾਣ ਕੀਤਾ ਜਾਵੇ, ਥੋੜ੍ਹਾ ਹੈ। ਰੱਬ ਕਰੇ ! ਖੁਸ਼ੀਆਂ-ਖੇੜੇ ਵੰਡਦੇ ਰਹਿਣ ਵਾਲੇ ਅੰਤਰਰਾਸ਼ਟਰੀ ਸਦਾ-ਬਹਾਰ ਇਸ ਹੀਰੇ ਦਾ ਨਾਂਓ ਇਵੇਂ ਹੀ ਦੁਨੀਆਂ ਭਰ ਵਿਚ ਪੂਰੀਆਂ ਚੜ੍ਹਾਈਆਂ ਵਿਚ ਦਰਸ਼ਕਾਂ ਦੇ ਬੁੱਲ੍ਹਾਂ ’ਤੇ ਗੂੰਜਦਾ ਰਵੇ੍ਹ !
-ਪ੍ਰੀਤਮ ਲੁਧਿਆਣਵੀ, (ਚੰਡੀਗੜ੍ਹ), 9876428641
ਸੰਪਰਕ : ਗੋਰਾ ਲੌਂਗੋਵਾਲੀਆ, ਸ਼ੰਗਰੂਰ , 9872903861