ਨਾਮਵਰ ਫਿਲਮੀ ਹਸਤੀਆਂ , ਨਾਮਵਰ ਗਾਇਕ ਕਲਾਕਾਰਾਂ, ਦੋਗਾਣਾ ਜੋੜੀਆਂ ਮੇਲ ਤੇ ਫੀਲ ਦਾ ਡਬਲ ਰੋਲ ਕਰਨਾ ਜਾਂ ਕਿਸੇ ਵੀ ਖੇਤਰ ਦੀ ਪ੍ਰਸਿੱਧ ਹਸਤੀ ਦੀਆਂ ਹੂ-ਬ-ਹੂ ਅਵਾਜਾਂ ਕੱਢਕੇ ਦਰਸ਼ਕਾਂ-ਸਰੋਤਿਆਂ ਨੂੰ ਮੰਨੋਰੰਜਨ ਦੇਣਾ ਆਮ ਦੇ ਵਸ ਦੀ ਗੱਲ ਨਹੀਂ। ਵਿਰਲੀਆਂ ਖ਼ੁਸ਼ਕਿਸਮਤ ਰੂਹਾਂ ਨੂੰ ਇਹ ਵੀ ਇਕ ਕੁਦਰਤ ਦਾ ਵਰਦਾਨ ਹੀ ਹਾਸਲ ਹੋਇਆ ਹੁੰਦਾ ਹੈ । ਅਵਾਜ ਅਤੇ ਐਕਟਿੰਗ ਦੀ ਹੂ-ਬ-ਹੂ ਨਕਲ ਕਰਨ ਵਾਲਿਆਂ ਵਿਚ ਇਕ ਖੁਸ਼ਕਿਸਮਤ ਨਾਂ ਹੈ– ਜੱਗਾ ਘੈਂਟ (ਜਗਜੀਤ ਸਿੰਘ ਸੰਧੂ)। ਜਿਲ੍ਹਾ ਮਾਨਸਾ ਦੇ ਕਸਬਾ ਸਰਦੂਲਗੜ੍ਹ ਵਿਖੇ ਮਾਤਾ ਦਲੀਪ ਕੌਰ ਦੀ ਪਾਕਿ ਕੁੱਖ ਤੋਂ ਪਿਤਾ ਸਵ: ਸ੍ਰ ਤੇਜਾ ਸਿੰਘ ਸੰਧੂ (ਕਵੀਸ਼ਰ) ਦੇ ਘਰ 4 ਅਕਤੂਬਰ,1971 ਨੂੰ ਪੈਦਾ ਹੋਇਆ ਜਗਜੀਤ ਦੱਸਦਾ ਹੈ ਕਿ ਉਸ ਦੇ ਪਿਤਾ ਜੀ ਕਵੀਸ਼ਰੀ ਕਰਿਆ ਕਰਦੇ ਸਨ ਜਿਸ ਕਰਕੇ ਜਗਜੀਤ ਨੂੰ ਵੀ ਗਾਉਣ ਦਾ ਪੂਰਾ ਸ਼ੌਕ ਸੀ। ਪੜ੍ਹਦੇ ਸਮੇਂ ਉਸਨੂੰ ਗੀਤ ਲਿਖਣ ਦੀ ਚੇਟਕ ਵੀ ਲੱਗੀ ਅਤੇ ਹੁਣ ਤੱਕ ਕਾਫੀ ਗੀਤ ਲਿਖ ਵੀ ਚੁੱਕਾ ਹੈ, ਪਰ ਉਹ ਆਪਣਾ ਲਿਖਿਆ ਕੋਈ ਵੀ ਗੀਤ ਅਜੇ ਤੱਕ ਰਿਕਾਰਡ ਨਾ ਕਰਵਾ ਸਕਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਵਿੱਚ ਪੜ੍ਹਦੇ ਸਮੇਂ ਤੋਂ ਹੀ ਉਹ ਕੁਲਦੀਪ ਮਾÎਣਕ ਦਾ ਫੈਨ ਬਣ ਗਿਆ ਸੀ। ਛਾਤੀ ਦੇ ਜ਼ੋਰ ਨਾਲ ਗਾਉਂਦੇ ਮਾਣਕ ਨੂੰ ਬਾਰ ਬਾਰ ਸੁਣਦਿਆਂ ਜਾਣੋ ਉਸਨੂੰ ਨਸ਼ਾ ਜਿਹਾ ਚੜ੍ਹ ਜਾਂਦਾ ਤੇ ਉਹ ਵੀ ਕੁਲਦੀਪ ਮਾਣਕ ਬਣਨ ਦੇ ਸੁਪਨੇ ਪਾਲਣ ਲੱਗ ਜਾਂਦਾ। ਸੱਭਿਆਚਾਰਕ ਸਟੇਜਾਂ, ਪਾਰਟੀਆਂ ਅਤੇ ਮਹਿਫ਼ਲਾਂ ਵਿਚ ਜਿਉਂ-ਜਿਉਂ ਦਰਸ਼ਕ- ਸਰੋਤੇ ਉਸਨੂੰ ਮਾਣਕ ਦੀ ਕਾਪੀ ਸਵੀਕਾਰਨ ਲੱਗੇ, ਤਿਉਂ-ਤਿਉਂ ਉਹ ਮਾਣਕ ਦੀ ਅਵਾਜ਼ ਅਤੇ ਐਕਟਿੰਗ ਨੂੰ ਹੋਰ ਵੀ ਗਹਿਰਾਈ ਨਾਲ ਨਾਪਣ ਲੱਗਾ। ਹੁਣ ਜਦੋਂ ਉਹ ਮਾਣਕ ਦੀ ਐਕਟਿੰਗ ਅਤੇ ਅਵਾਜ ਵਿਚ ਹੇਕਾਂ ਲਾਉਂਦਾ ਹੈ ਤਾਂ ਸਰੋਤਿਆਂ-ਦਰਸ਼ਕਾਂ ਸਾਹਮÎਣੇ ਇਕ ਬਾਰ ਤਾਂ ਜਾਣੋ ਕਲੀਆਂ ਦੇ ਬਾਦਸ਼ਾਹ ਨੂੰ ਸਾਖਸ਼ਾਤ ਲਿਆ ਖੜ੍ਹਾ ਕਰਦਾ ਹੈ, ਉਹ ਸਟੇਜ ਉਤੇ। ਸਰੋਤੇ ਅਸ਼ ਅਸ਼ ਕਰਦੇ ਉਸਤੋਂ ਨੋਟ ਵਾਰਦੇ ਤੇ ਤਾੜੀਆਂ ਮਾਰਦਿਆਂ ਦਾਦ ਦਿੰਦੇ ਨਹੀਂ ਥੱਕਦੇ ।
ਅਨਗਿਣਤ ਸਟੇਜਾਂ ਉਤੋਂ ਮਾਣਕ ਦੀ ਅਵਾਜ਼ ਅਤੇ ਐਕਟਿੰਗ ਨਾਲ ਨਾਮਨਾ ਖੱਟ ਚੁੱਕੇ ਜਗਜੀਤ ਨੇ ਗੱਲਬਾਤ ਦੌਰਾਨ ਆਪਣੇ ਨਾਮ ‘ਜੱਗਾ ਘੈਂਟ’ ਦਾ ਰਾਜ ਖੋਲ੍ਹਦਿਆਂ ਕਿਹਾ, ‘‘ਕਿਉਂਕਿ ਮੇਰਾ ਸੁਭਾਅ ਅੜਬ ਤੇ ਹਿੰਡੀ ਬਹੁਤ ਸੀ, ਇਸ ਲਈ 10 +2 ਕਰਨ ਸਮੇਂ ਮੇਰੇ ਫਰੈਂਡਲੀ ਸਰਕਲ ਵਿਚ ਮੇਰੇ ਨਾਂ ਨਾਲ ਘੈਂਟ ਸ਼ਬਦ ਸਿੱਧ-ਸੁਭਾਅ ਹੀ ਜੁੜ ਗਿਆ। ਲੋਕ ਹੁਣ ਉਤਨਾ ਮੈਨੂੰ ਜਗਜੀਤ ਸਿੰਘ ਸੰਧੂ ਤੋਂ ਨਹੀ ਜਾਣਦੇ, ਜਿਤਨਾ ਮੈਨੂੰ ‘ਜੱਗਾ ਘੈਂਟ’ ਤੋਂ ਜਾਣਦੇ ਹਨ। ਮੈਂ ਇਸ ਸਬੱਬ ਨੂੰ ਉਸਤਾਦ ਕੁਲਦੀਪ ਮਾਣਕ ਸਾਹਿਬ ਜੀ ਦੀ ਰੂਹ ਵਿਚੋਂ ਮੈਨੂੰ ਇਹ ਮਿਲਿਆ ਸੱਚਾ-ਸੁੱਚਾ ਅਸ਼ੀਰਵਾਦ ਹੀ ਸਮਝਦਾ ਹਾਂ।’’
ਕੁਝ ਚਿਰ ਖੰਡ ਮਿੱਲ ਬੁਢਲਾਡਾ ਵਿਚ ਨੌਕਰੀ ਕਰਨ ਤੋਂ ਬਾਅਦ ਜੱਗਾ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ। ਸਮਾਜ ਤੇ ਸਾਹਿਤ ਲਈ ਸੇਧਆਤਮਕ ਗਾਉਣ ਤੇ ਲਿਖਣ ਦਾ ਉਸ ਦੇ ਰਗ-ਰਗ ਵਿਚ ਸਮਾ ਚੁੱਕਾ ਉਸ ਦਾ ਸ਼ੌਕ ਹੈ, ਜਿਸ ਨੂੰ ਉਹ ਨੌਕਰੀ ਦੇ ਨਾਲ-ਨਾਲ ਬੜੀ ਰੂਹ ਨਾਲ ਪਾਲ ਰਿਹਾ ਹੈ। ਉਸ ਨੂੰ ਇਸ ਗੱਲ ਦਾ ਗੌਰਵ ਹੈ ਕਿ ਉਸ ਦਾ ਬੇਟਾ ਲੇਖਕ ਤੇ ਗਾਇਕ ਯੁਰਿੰਦਰ ਸੰਧੂ ਸੰਗੀਤ ਦੀ ਏਸ ਪਰਿਵਾਰਿਕ ਪਿਰਤ ਨੂੰ ਅੱਗੇ ਤੋਰਦਿਆਂ ਹੋਇਆਂ ਹੁਣ ਤੱਕ ਛੇ ਗੀਤ ਰਿਕਾਰਡ ਕਰਵਾਕੇ ਸੱਭਿਆਚਾਰ ਦੀ ਝੋਲ਼ੀ ਪਾ ਚੁੱਕਾ ਹੈ। ਂਰੱਬ ਕਰੇ ! ਸਾਹਿਤ, ਸੱਭਿਆਚਾਰ ਅਤੇ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਪਿਓ ਪੁੱਤਰ ਦੀ ਇਹ ਜੋੜੀ ਆਪਣੇ ਨੇਕ ਇਰਾਦਿਆਂ ਵਿਚ ਕਾਮਯਾਬ ਹੁੰਦੀ ਹੋਈ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ! ਸਾਡੀਆਂ ਦੁਆਵਾਂ ਤੇ ਸ਼ੁਭ ਇੱਛਾਵਾਂ ਨਾਲ ਹਨ, ਪੰਜਾਬੀ ਮਾਂ-ਬੋਲੀ ਨੂੰ ਪ੍ਰਫੁੱਲਤ ਕਰਨ ਵਿਚ ਜੁਟੇ ਹੋਏ ਇਹੋ ਜਿਹੇ ਕਲਾ-ਪ੍ਰੇਮੀਆਂ ਲਈ।
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ, 9876428641
ਸੰਪਰਕ : ਜੱਗਾ ਘੈਂਟ (ਜਗਜੀਤ ਸਿੰਘ ਸੰਧੂ), 81465-85995