ਬਿਹਾਰ ਦੇ 35 ਪਿੰਡਾ ਦੇ ਆਗੂਆਂ ਨੇ ਵਿਖਾਇਆ ਉਤਸ਼ਾਹ- ਸੁਖਵੀਰ ਦੁੱਗਲ
ਹੁਸ਼ਿਆਰਪੁਰ (ਦਲਜੀਤ ਅਜਨੋਹਾ)- ਆਦਿ ਵਾਸੀ/ਮੂਲਨਿਵਾਸੀ ਮਹਾਂਪੁਰਸਾਂ ਦੀ ਵਿਚਾਰਧਾਰਾ ਨੂੰ ਪੂਰੇ ਭਾਰਤ ਵਿੱਚ ਪ੍ਰਚਾਰ ਕਰਨ ਲਈ ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਦੇ ਦੌਰੇ ‘ਤੇ ਸੰਤ ਸਤਵਿੰਦਰ ਹੀਰਾ ਜੀ ਰਾਸ਼ਟਰੀ ਪ੍ਰਧਾਨ ਅਤੇ ਉਨ੍ਹਾਂ ਨਾਲ ਮਾਸਟਰ ਸੁਖਵੀਰ ਦੱੁਗਲ ਜੀ ਸੀਨੀਅਰ ਮੈਨੇਜਰ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅਮਿ੍ਰਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਪਹੁੰਚੇ ਹੋਏ ਹਨ। ਸੰਤ ਸਤਵਿੰਦਰ ਹੀਰਾ ਵੱਲੋਂ ਇਸ ਦੌਰੇ ਦੌਰਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਬੇਗਮਪੁਰੇ ਦੇ ਸੰਕਲਪ ਅਤੇ ਰਾਜਭਾਗ ਨੂੰ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ‘ਪੜ੍ਹੋ ਜੁੜੋ ਸੰਘਰਸ਼ ਕਰੋ‘ ਦੇ ਨਾਹਰੇ ਨੂੰ ਘਰ ਘਰ ਤੱਕ ਲਿਜਾਉਣ ਲਈ, ਭਾਰਤ ਦੇ ਅਸਲ ਵਸ਼ਿੰਦਿਆ ਨੂੰ ਇਕੱਠੇ ਹੋਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ ਤੋਂ ਆਦਿਵਾਸੀ ਆਦਿ ਧਰਮੀ ਰਹਿਬਰਾਂ ਦੀ ਵਿਚਾਰਧਾਰਾ ਨੂੰ ਤੇਜ਼ੀ ਨਾਲ ਅੱਗੇ ਤੋਰਿਆ ਜਾ ਰਿਹਾ ਹੈ। ਆਓ ਰਹਿਬਰਾਂ ਦੇ ਇਸ ਕਾਰਵਾਂ ਨੂੰ ਹੋਰ ਤੇਜ਼ ਕਰਨ ਲਈ ਵੱਡੀ ਗਿਣਤੀ ਵਿੱਚ ਇਕਜੁੱਟ ਹੋ ਕੇ ਸਹਿਯੋਗ ਕਰੀਏ। ਦੁਮਹਾਣ, ਜ਼ਿਲ੍ਹਾ ਬਾਂਕਾ, ਬਿਹਾਰ ਵਿਖੇ ਆਦਿ ਧਰਮੀ ਸੰਗਤਾਂ ਨਾਲ ਬਾਬੂ ਮੰਗੂ ਰਾਮ ਮੁੱਗੋਵਾਲ ਦੇ ਆਦਿ ਧਰਮ ਦੇ ਅਨੁਸਾਰ ਬਿਹਾਰ ਵਿਚ ਪਹਿਲਾ ਕੋਚਿੰਗ ਸਕੂਲ ਖੋਲ੍ਹਣ ‘ਤੇ ਹੋਈ ਵਿਚਾਰ ਚਰਚਾ ਹੋਈ ਜਿਸ ਵਿਚ ਸ੍ਰੀ ਤਿਆਗੀ ਜੀ, ਨਰਾਇਣ ਦਾਸ, ਜਗਣ ਦਾਸ, ਪੱਪੂ ਕੁਮਾਰ ਬੀ ਏ, ਸ਼ਿਵ ਕੁਮਾਰ ਬੀ ਏ, ਦਿਨੇਸ਼ ਕੁਮਾਰ (ਰੇਲਵੇ ਵਿਭਾਗ), ਪੰਕਜ ਕੁਮਾਰ, ਸੁਖਦੇਵ ਦਾਸ, ਗਣੇਸ਼ ਦਾਸ, ਕੇ. ਦਾਸ ਨੇ ਇਹ ਵਿਸ਼ਵਾਸ ਦਿਵਾਇਆ ਕਿ ਉਹ ਆਦਿ ਧਰਮ ਲਹਿਰ ਨੂੰ ਤੇਜ਼ ਕਰਨ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਸੰਪੂਰਨ ਸਹਿਯੋਗ ਕਰਨਗੇ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਮੁੱਖ ਉਦੇਸ਼ ਹੈ ਕਿ ਜੋ ਸੰਗਤਾਂ ਆਪਣੇ ਆਦਿ ਮਹਾਂਪੁਰਖਾਂ ਵੱਲੋਂ ਦਿੱਤਾ ਧਰਮ ਆਦਿ ਧਰਮ ਛੱਡ ਕੇ ਵਿਦੇਸ਼ੀ ਧਰਮਾਂ ਵੱਲ ਮੁੱਖ ਕਰ ਰਹੀਆਂ ਉਨ੍ਹਾਂ ਨੂੰ ਆਪਣੇ ਧਰਮ ਨਾਲ ਜੋੜਿਆ ਜਾਵੇ। ਇਸ ਮੌਕੇ ਸੰਤ ਸੁਰਿੰਦਰ ਦਾਸ ਜੀ ਨੇ ਕਿਹਾ ਕਿ ਗ਼ਰੀਬ ਮਿਹਨਤੀ ਕਿਰਤੀ ਕਾਮਿਉ, ਝੂਠ ਦੀਆਂ ਦੁਕਾਨਾਂ ਨੂੰ ਤਿਆਗ ਦਿਉ, ਸੱਚ ਦੇ ਮਾਰਗ ‘ਤੇ ਚੱਲੋ। ਇਹੋ ਜਿਹੇ ਸ਼ੈਤਾਨ ਬੁੱਧੀ ਦੇ ਲੋਕ, ਸਾਧਾਰਨ ਲੋਕਾਂ ਨੂੰ ਗੁੰਮਰਾਹ ਕਰਨ ਲਈ, ਪੱਛਮੀ ਸਭਿਅਤਾ ਦੇ ਕਾਰਨ ਨਾਸਤਿਕਵਾਦ, ਮਾਦਾਪ੍ਰਸਤੀ ਦੀਆਂ ਗੱਲ ਕਰਦੇ ਹਨ। ਸਮਝਦਾਰ ਅਤੇ ਚੇਤੰਨ ਮਨੁੱਖਾਂ ਦੇ ਵਿਰੋਧ ਵਿਚ ਆਮ ਲੋਕਾਂ ਦੀਆਂ ਮਨੋ-ਕਾਮਨਾਵਾਂ ਨੂੰ ਭੜਕਾ ਕੇ ਕ੍ਰੋਧ ਅਤੇ ਲੋਭ ਦੀ ਅਗਨੀ ਪ੍ਰਚੰਡ ਕੀਤੀ ਜਾਂਦੀ ਹੈ। ਸਤਿਗੁਰਾਂ ਨੇ ਆਪਣੀ ਬਾਣੀ ਵਿਚ ਇਹੋ ਜਿਹੇ ਠੱਗਾਂ ਨੂੰ ਬਾਜ਼ਾਰੂ ਲੁਟੇਰੇ ਕਿਹਾ ਹੈ। ਗੁਰੂ ਜੀ ਦੇ ਵਚਨ ਅਨੁਸਾਰ ਪਹਿਲਾਂ ਆਪਣੇ ਆਪ ਨੂੰ ਪਛਾਣੋ। ਸਦਾ ਥਿਰ ਰਹਿਣ ਵਾਲੇ ਨਿਰੰਕਾਰ ਦੇ ਹੁਕਮ ਅਨੁਸਾਰ ਉਸਦੀ ਰਜਾ ਵਿਚ ਰਹਿੰਦੇ ਹੋਏ, ਹੱਕ ਅਤੇ ਸੱਚ ਦੀ ਨੇਕ ਕਮਾਈ ਕਰੋ।