ਹੁਸ਼ਿਆਰਪੁਰ=ਦਲਜੀਤ ਅਜਨੋਹਾ- ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ ਤੇ ਮਾਤਾ ਗੁਜਰੀ ਕਾਲਜ ਦੇ ਅਧਿਆਪਕਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟ ਕੀਤਾ । ਪੰਜਾਬ ਵਿੱਚ ਕੋਰੋਨਾ ਬਿਮਾਰੀ ਦੇ ਵੱਧ ਰਹੇ ਪ੍ਰਕੋਪ ਤੋਂ ਬਚਾਅ ਲਈ ਕਾਲਜਾਂ ਦੇ ਅਧਿਆਪਕਾਂ ਲਈ ਆਪਣੇ ਘਰਾਂ ਤੋਂ ਹੀ ਆਨਲਾਈਨ ਕਲਾਸਾਂ ਲਗਾਉਣ ਦੇ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਕਾਲਜਾਂ ਦੇ ਸਟਾਫ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਸਮੂਹ ਟੀਚਿੰਗ ਅਮਲੇ ਨਾਲ ਸਰਕਾਰ ਵੱਲੋਂ ਮਤਰੇਆ ਸਲੂਕ ਕਰਨ ਦੇ ਮੱਦੇਨਜ਼ਰ ਅੱਜ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟ ਕੀਤਾ ਗਿਆ । ਕਾਲਜਾਂ ਦੇ ਅਧਿਆਪਕਾਂ ਲਈ ਵਰਕ ਫਰੌਮ ਹੋਮ ਨਾ ਕਰਨ ਕਰਕੇ ਇਹ ਰੋਸ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ ਤੇ ਕੀਤਾ ਗਿਆ ।

ਇਸ ਮੌਕੇ ਮਾਤਾ ਗੁਜਰੀ ਕਾਲਜ ਦੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਡਾ. ਰਾਸ਼ਿਦ ਰਸ਼ੀਦ, ਮੀਤ ਪ੍ਰਧਾਨ ਡਾ. ਹਰਵੀਨ ਕੌਰ,ਸਕੱਤਰ ਡਾ. ਕੁਲਦੀਪ ਕੌਰ, ਸੰਯੁਕਤ ਸਕੱਤਰ ਡਾ.ਨਵਦੀਪ ਸਿੰਘ ਅਤੇ ਖਜ਼ਾਨਚੀ ਪ੍ਰੋ.ਪੂਨਮ ਚਾਵਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾ ਦੀ ਜਾਇਜ਼ ਮੰਗ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਜਦੋਂ ਕਿ ਕਰੋਨਾ ਦੇ ਕੇਸ ਦਿਨ ਪ੍ਰਤਿ ਦਿਨ ਵਧ ਰਹੇ ਹਨ ਅਤੇ ਕਾਲਜਾਂ ਦੇ ਪ੍ਰੋਫ਼ੈਸਰ ਵੀ ਕਰੋਨਾ ਪਾਜ਼ੀਟਿਵ ਆ ਰਹੇ ਹਨ । ਪੰਜਾਬ ਵਿੱਚ ਮਿੰਨੀ ਲਾਕਡਾਊਨ ਲੱਗ ਜਾਣ ਦੇ ਬਾਵਜੂਦ ਵੀ ਉੱਚ ਸਿੱਖਿਆ ਵਿਭਾਗ ਅਜੇ ਤੱਕ ਆਪਣੇ ਅਧੀਨ ਚਲਦੇ ਕਾਲਜਾਂ ਵਿੱਚ ਕੰਮ ਕਰਦੇ ਸਮੂਹ ਸਟਾਫ਼ ਦੀ ਸਿਹਤ ਨੂੰ ਅਣਦੇਖਿਆ ਕਰਕੇ ਬੇਗਾਨਿਆਂ ਵਾਲਾ ਰਵੱਈਆ ਅਪਣਾ ਰਿਹਾ ਹੈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕਾਲਜ ਵਿੱਚ ਵਿਦਿਆਰਥੀਆਂ ਦੇ ਆਉਣ ਦੀ ਸਰਕਾਰ ਨੇ ਮਨਾਹੀ ਕੀਤੀ ਹੋਈ ਹੈ ਅਤੇ ਅਧਿਆਪਕਾਂ ਵੱਲੋਂ ਕਾਲਜ ਵਿੱਚ ਆ ਕੇ ਵੀ ਆਨ ਲਾਈਨ ਕਲਾਸਾਂ ਹੀ ਲਗਾਈਆਂ ਜਾ ਰਹੀਆਂ ਹਨ। ਇਹ ਕੰਮ ਵਰਕ ਫਰੌਮ ਹੋਮ ਨਾਲ ਬਿਹਤਰ ਤਰੀਕੇ ਨਾਲ ਹੋ ਸਕਦਾ ਹੈ ।

ਕਾਲਜ ਟੀਚਰਜ਼ ਯੂਨੀਅਨ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਡਾ. ਬਿਕਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਕਾਲਜ ਦੇ ਅਧਿਆਪਕਾਂ ਨੂੰ ਆਨਲਾਈਨ ਲਾਈਨ ਕਲਾਸਾਂ ਲਗਾਉਣ ਲਈ ਲਗਾਤਾਰ ਸਕਰੀਨ ਦੇ ਸਾਹਮਣੇ ਬੈਠਣ ਅਤੇ ਪੜ੍ਹਾਈ ਦੀ ਸਮੱਗਰੀ ਤਿਆਰ ਕਰਨ ਲਈ ਆਫ ਲਾਈਨ ਕਲਾਸਾਂ ਦੇ ਮੁਕਾਬਲੇ ਕਈ ਗੁਣਾਂ ਜਿਆਦਾ ਮਿਹਨਤ ਕਰਨੀ ਪੈਂਦੀ ਹੈ। ਵਰਕ ਫਰਾਮ ਹੋਮ ਨਾਲ ਆਮ ਲੋਕਾਂ ਲਈ ਵੀ ਆਵਾਜਾਈ ਦੌਰਾਨ ਭੀੜ ਘਟਣ ਨਾਲ ਸੋਸ਼ਲ ਡਿਸਟੈਂਸ ਬਣਾਉਣ ਵਿੱਚ ਮਦਦ ਮਿਲੇਗੀ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ 6 ਮਈ ਨੂੰ ਵੀ ਇਹ ਰੋਸ ਜਾਰੀ ਰਹੇਗਾ।ਇਸ ਮੌਕੇ ਡਾ.ਹਰਮਿੰਦਰ ਸਿੰਘ, ਡਾ.ਤੇਜਿੰਦਰ ਸਿੰਘ ਅਤੇ ਸਮੂੰਹ ਅਧਿਆਪਕਾਂ ਨੇ ਰੋਸ ਵਜੋਂ ਕਾਲੇ ਬਿੱਲੇ ਲਗਾਏ ਹੋਏ ਸਨ।ਵਰਨਣਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਅਤੇ ਪੰਜਾਬੀ ਯੂਨੀਵਰਸਿਟੀ ,ਪਟਿਆਲਾ ਦੇ ਕੈਂਪਸ, ਨੇਬਰਹੁੱਡ ਕੈਂਪਸ ਅਤੇ ਕਾਂਸਟੀਚੂਆਂਟ ਕਾਲਜਾਂ ਵਿੱਚ ਇਹ ਆਦੇਸ਼ ਲਾਗੂ ਹਨ ਪ੍ਰੰਤੂ ਯੂਨੀਵਰਸਿਟੀ ਨਾਲ ਐਫੀਲੀਏਟਿਡ ਕਾਲਜਾਂ ਸਬੰਧੀ ਵਰਕ ਫਰੌਮ ਹੋਮ ਦੇ ਹੁਕਮ ਜਾਰੀ ਨਹੀਂ ਕੀਤੇ ਗਏ।