ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ), 29 ਅਪਰੈਲ, 2021 : ਗਗਨਦੀਪ ਧਾਲੀਵਾਲ ਬਰਨਾਲਾ, (ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ ਇਕਾਈ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਮਹਿਲਾ ਕਾਵਿ ਮੰਚ ਪੰਜਾਬ ਦੀ ਅੰਮਿਰਤਸਰ ਇਕਾਈ ਦਾ ਅਪ੍ਰੈਲ ਮਹੀਨੇ ਦਾ ਕਵੀ ਦਰਬਾਰ ਡਾ: ਪੂਨਮ ਗੁਪਤ (ਅਧਿਅਕਸ਼ ਮਹਿਲਾ ਕਾਵਿ ਮੰਚ ਪੰਜਾਬ ਇਕਾਈ) ਦੀ ਰਹਿਨੁਮਾਈ ਹੇਠ ਅੰਮਿਰਤਸਰ ਦੀ ਪੂਰੀ ਟੀਮ ਵੱਲੋਂ ਜੂਮ ਐਪ ਰਾਹੀਂ ਆਯੋਜਿਤ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਅਤੇ ਜਨਰਲ ਸਕੱਤਰ ਰਣਜੀਤ ਕੌਰ ਨੇ ਇਸ ਕਵੀ-ਦਰਬਾਰ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। ਮੰਚ ਸੰਚਾਲਨ ਦੀ ਕਾਰਵਾਈ ਨਵਜੀਤ ਕੌਰ ਵੱਲੋਂ ਨਿਭਾਈ ਗਈ। ਇਨ੍ਹਾਂ ਤੋਂ ਇਲਾਵਾ ਪ੍ਰੋਗਰਾਮ ਵਿਚ ਡਾ: ਆਤਮਜੀਤ ਕੌਰ, ਰੰਜਨਾ ਸ਼ਰਮਾ, ਮਨਦੀਪ ਕੌਰ ਰਤਨ, ਮਨਦੀਪ ਕੌਰ ਸੰਧੂ, ਨਵਜੀਤ ਕੌਰ, ਵੀਨਾ ਰਾਣੀ, ਜਸਪ੍ਰੀਤ ਕੌਰ, ਰਿਤੂਗਗਨ, ਰਣਜੀਤ ਕੌਰ ਬਾਜਵਾ, ਬਲਵਿੰਦਰ ਕੌਰ ਵੀ ਹਾਜ਼ਰ ਸਨ। ਇਨ੍ਹਾਂ ਸਭਨਾਂ ਨੇ ਆਪੋ- ਆਪਣੀਆਂ ਭਾਵਪੂਰਤ ਕਵਿਤਾਵਾਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ।
ਇਸ ਕਵੀ-ਦਰਬਾਰ ਵਿੱਚ ਵਿਸ਼ੇਸ਼ ਤੌਰ ਤੇ ਰੂਹ ਦੇ ਰਿਸ਼ਤਿਆਂ ਦੀ ਗੱਲ ਕੀਤੀ ਗਈ। ਜਸਪ੍ਰੀਤ ਕੌਰ ਨੇ ਸੋਹਣੇ ਅਲਫਾਜ਼ ਮਿੱਠੀ ਆਵਾਜ਼ ਵਿੱਚ ਗੀਤ ਦੇ ਰੂਪ ’ਚ ਪੇਸ਼ ਕੀਤੇ। ਅੰਜਨਾ ਕੁਮਾਰੀ ਨੇ ਵਿਸ਼ੇਸ਼ ਤੌਰ ਤੇ ਬਰਨਾਲਾ ਤੋਂ ਹਾਜ਼ਰੀ ਲੁਵਾਈ। ਵੱਖ-ਵੱਖ ਅੰਦਾਜ਼ ਵਿੱਚ ਬੋਲੀਆਂ ਗਈਆਂ ਕਵਿਤਾਵਾਂ ਸਚਮੁੱਚ ਕਾਬਲੇ ਤਾਰੀਫ਼ ਸਨ। ਸਮੁੱਚੇ ਰੂਪ ਵਿੱਚ ਅੰਮਿਰਤਸਰ ਇਕਾਈ ਦਾ ਇਹ ਕਵੀ ਦਰਬਾਰ ਸ਼ਲਾਘਾਯੋਗ ਰਿਹਾ ਤੇ ਆਪਣੀ ਸਾਰਥਕਤਾ ਨੂੰ ਪੂਰਦਾ ਹੋਇਆ ਨੇਪਰੇ ਚੜ੍ਹਿਆ। ਜਿਸਦੇ ਲਈ ਸਮੁੱਚੀ ਸੰਸਥਾ ਮੁਬਾਰਿਕ ਦੀ ਹੱਕਦਾਰ ਹੈ।