ਅੰਤਰਰਾਸ਼ਟਰੀ ਗਾਇਕਾਵਾਂ ਦੀ ਕਤਾਰ ਵਿਚ ਬੋਲਦਾ ਬੱਲੀ ਸੰਧੂ (ਕੌਰ ਬਿੱਲੋ) ਇਕ ਐਸਾ ਖ਼ੂਬਸੂਰਤ ਨਾਂਓਂ ਹੈ ਜੋ ਆਪਣੀ ਮਿੱਠੀ, ਸੁਰੀਲੀ ਤੇ ਦਮਦਾਰ ਅਵਾਜ਼ ਸਦਕਾ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣ ਚੁੱਕਾ ਹੈ। ਅੰਬਾਲਾ ਸ਼ਹਿਰ ਵਿਖੇ ਮਾਤਾ ਪਿਆਰ ਕੌਰ ਦੀ ਪਾਕਿ ਕੁੱਖ ਨੂੰ ਭਾਗ ਲਾਉਣ ਵਾਲੀ ਬੱਲੀ ਦੱਸਦੀ ਹੈ ਕਿ ਉਹ 10 ਕੁ ਵਰਿ੍ਆਂ ਦੀ ਹੀ ਸੀ ਜਦੋਂ ਉਹ ਆਪਣੇ ਪਿਤਾ ਸ੍ਰ. ਗੁਰਦੇਵ ਸਿੰਘ ਜੀ ਦੇ ਨਾਲ ਕੀਰਤਨ ਕਰਨ ਲੱਗ ਪਈ ਸੀ। ਪੜ੍ਹਾਈ ਕਰਨ ਉਪਰੰਤ ਧਾਰਮਿਕ ਗਾਇਕੀ ਵਿਚ ਮਾਨ-ਸਨਮਾਨ ਹਾਸਲ ਕਰਦੀ ਉਹ ਸੁਪ੍ਰਸਿੱਧ ਪਾਕਿਸਤਾਨੀ ਗਾਇਕਾ ਨੂਰ ਜਹਾਂ ਦੀ ਗਾਇਕੀ ਤੋਂ ਬਹੁਤ ਪ੍ਰਭਾਵਿਤ ਹੋਈ। ਫਿਰ ਜ਼ਮਨਾ ਨਗਰ ਤੋਂ ਗੀਤ-ਸੰਗੀਤ ਦੇ ਮਾਹਰ ਮਦਨ ਭਾਰਦਵਾਜ਼ ਤੋਂ ਗੀਤ-ਸੰਗੀਤ ਦੀ ਸਿੱਖਿਆ ਹਾਸਲ ਕਰਕੇ ਉਹ ਪੱਕੇ ਤੌਰ ਤੇ ਗਾਇਕੀ ਦੇ ਪਿੜ ਵਿਚ ਨਿਕਲ ਤੁਰੀ। ਉਸ ਨੇ ਪਹਿਲੇ ਆਪਣੀ ਸੋਲ੍ਹੋ ਦੇ ਅੱਠ ਗੀਤਾਂ ਦੀ ਕੈਸਿਟ, ‘‘ਅੱਖੀਆਂ’’ ਮਾਰਕੀਟ ਵਿਚ ਉਤਾਰੀ। ਇਸ ਕੈਸਿਟ ਨੂੰ ਕਲਾ-ਪ੍ਰੇਮੀਆਂ ਵਲੋਂ ਉਸ ਦੀਆਂ ਆਸਾਂ-ਉਮੀਦਾਂ ਤੋਂ ਵੱਧ ਭਰਵਾਂ ਹੁੰਗਾਰਾ ਮਿਲਿਆ। ਉਸ ਨੇ ਫਿਰ ਜਿੱਥੇ ਵੱਖ-ਵੱਖ ਗਾਇਕਾਂ ਨਾਲ ਸਟੇਜਾਂ ਕੀਤੀਆਂ, ਉਥੇ ਗੀਤ, ‘‘ਚੂੜੀਆਂ’’ ਸੋਲ੍ਹੋ ਅਤੇ ਮਨਜੀਤ ਮਾਨ ਨਾਲ, ‘‘ਪਿਆਰ ਦੀ ਝੜੀ’’ ਡਿਊਟ ਗੀਤ ਵੀ ਰਿਕਾਰਡ ਕਰਵਾਇਆ। ਵਧਦੇ ਕਦਮੀਂ ਉਹ ਜਾਗਰਣ ਅਤੇ ਵਿਆਹਾਂ-ਸ਼ਾਦੀਆਂ ਵਿਚ ਲੇਡੀ-ਸੰਗੀਤ ਵੱਲ ਨੂੰ ਵੀ ਹੋ ਤੁਰੀ। ਸੰਨ- 2000 ਵਿਚ ਉਸ ਨੂੰ ਅੰਤਰ-ਰਾਸ਼ਟਰੀ ਗਾਇਕ ਸੁਰਿੰਦਰ ਸ਼ਿੰਦਾ ਜੀ ਨਾਲ ਬਾਬਾ ਮੁਰਾਦ ਸ਼ਾਹ ਜੀ (ਮੰਢਾਲੀ ਸ਼ਰੀਫ਼) ਅਤੇ ਲਾਡੀ ਸ਼ਾਹ ਜੀ (ਨਕੋਦਰ) ਮੇਲਿਆਂ ਉਤੇ ਜਾਣ ਤੇ ਪੀਰਾਂ-ਫ਼ਕੀਰਾਂ ਦਾ ਅਸ਼ੀਰਵਾਦ ਹਾਸਲ ਕਰਕੇ ਰੱਬ ਨੇ ਉਸ ਦੀਆਂ ਹੋਰ ਵੀ ਮੁਰਾਦਾਂ ਪੂਰੀਆਂ ਕੀਤੀਆਂ।
ਉਸ ਉਪਰੰਤ ਸੁਰਿੰਦਰ ਸ਼ਿੰਦਾ ਜੀ ਨਾਲ, ‘‘ਰੱਬ ਰੱਖੇ ਤੇਰੀ ਖ਼ੈਰ’’, ‘‘ਚਾਹ ਦਾ ਗਿਲਾਸ ਫੜਾਉਂਦੀ ਦਾ’’, ‘‘ਸੋਹਣਾ ਬੜਾ ਜਵਾਈ’’ ਅਤੇ ‘ਤੇਰੀ ਫੀਅਟ ’ਤੇ ਜੇਠ ਨਜ਼ਾਰੇ ਲੈਂਦਾ’, ਆਦਿ ਡਿਯੂਟ ਗੀਤਾਂ ਨਾਲ ਅਤੇ ‘ਜਦੋਂ ਹੌਲੀ ਜਿਹੇ ਲੈਂਦਾ ਮੇਰਾ ਨਾਂ ਤੇ ‘ਆਜਾ ਮਾਹੀ ਆ’ ਆਦਿ ਸੋਲ੍ਹੋ ਗੀਤਾਂ ਨਾਲ ਸਟੇਜਾਂ ’ਤੇ ਕਾਫ਼ੀ ਨਾਮਨਾ ਖੱਟ ਚੁੱਕੀ ਬੱਲੀ ਸੰਧੂ ਜਿੱਥੇ ਦੂਰ-ਦਰਸ਼ਨ ਜਲੰਧਰ ਦੇ ਸਮਾਗਮਾਂ ਵਿਚ ਕਈ ਹਾਜ਼ਰੀਆਂ ਭਰ ਚੁੱਕੀ ਹੈ, ਉਥੇ 2003 ਤੋਂ ਅੱਜ ਤੱਕ ਸੱਤ ਸਮੁੰਦਰੋਂ ਪਾਰਲੀਆਂ ਉਡਾਰੀਆਂ ਮਾਰਦੀ ਉਹ ਦੁਬੱਈ, ਉਮਾਨ, ਸਿੰਘਾ ਪੁਰ ਅਤੇ ਅਮਰੀਕਾ ਆਦਿ ਦੇਸ਼ਾਂ ਵਿਚ ਵੀ ਆਪਣੀ ਗਾਇਕੀ ਦੀਆਂ ਪੈੜਾਂ ਛੱਡ ਆਈ ਹੈ। . . .ਮਾਨ-ਸਨਮਾਨ ਖੇਤਰ ਵਿਚ ਉਸ ਕਿਹਾ,‘‘ਭਾਂਵੇਂ ਕਿ ਮੈਨੂੰ ਮੁਹਾਲੀ-ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ ਤੋਂ ਅਨਗਿਣਤ ਮਾਨ-ਸਨਮਾਨ ਮਿਲ ਚੁੱਕੇ ਹਨ, ਪਰ, ਲੁਧਿਆਣਾ ਦੇ ਪ੍ਰਸਿੱਧ ਮਾਸਿਕ ਮੈਗਜ਼ੀਨ, ‘ਫਿਲਮੀ ਫੋਕਸ’, ਵਲੋਂ 5 ਜਨਵਰੀ, 2020 ਨੂੰ, ‘‘ਲੋਹੜੀ ਧੀਆਂ ਦੀ’’ ਮੇਲੇ ਦੌਰਾਨ ਮੈਨੂੰ ਮੈਡਲ ਅਤੇ ਸ਼ੀਲਡ ਨਾਲ ਸਨਮਾਨਿਆ ਜਾਣਾ ਅਤੇ ਮੰਢਾਲੀ ਸ਼ਰੀਫ’’ ਅਤੇ ਨਕੋਦਰ ਦੀਆਂ ਦਰਗਾਹਾਂ ਤੋਂ ਮੂੰਹ ਮੰਗੀਆਂ ਮੁਰਾਦਾਂ ਮਿਲਣੀਆਂ ਦਾ ਨਜ਼ਾਰਾ ਹੀ ਕੁਝ ਹੋਰ ਹੈ।’’
ਗਾਇਕੀ ਵਿਚ ਵਧ ਰਹੀ ਅਸ਼ਲੀਲਤਾ ਬਾਰੇ ਪੁੱਛਣ ਤੇ ਬੱਲੀ ਸੰਧੂ ਨੇ ਕਿਹਾ,‘‘ਅਸ਼ਲੀਲਤਾ ਨੂੰ ਗੀਤਾਂ ਅਤੇ ਗਾਇਕੀ ਵਿਚ ਸ਼ਾਮਲ ਕਰ ਕੇ ਅੱਜ ਕੱਲ ਅੱਗੇ ਵਧਣ ਦੀ ਇਕ ਹੋੜ ਲੱਗੀ ਹੋਈ ਹੈ, ਜਿਹੜੀ ਕਿ ਸਾਡੇ ਵੱਡਮੁੱਲੇ ਵਿਰਸੇ ਲਈ ਮੰਦਭਾਗੀ ਹੈ। ’’ . . . .ਆਪਣੇ ਵਤਨ ਦੀਆਂ ਖ਼ੁਸ਼ਬੂਆਂ ਵਿਸ਼ਵ ਪੱਧਰ ਤੇ ਵਿਖ਼ੇਰ ਰਹੀ ਮਿੱਠੀ, ਸੁਰੀਲੀ ਤੇ ਦਮਦਾਰ ਅਵਾਜ਼ ਦੀ ਮਲਿਕਾ, ਚੁਲਬਲੀ ਗਾਇਕਾ ਬੱਲੀ ਸੰਧੂ (ਕੌਰ ਬਿੱਲੋ) ਦਾ ਨਾਂਓਂ ਗੀਤ-ਸੰਗੀਤ ਦੇ ਪ੍ਰੇਮੀਆਂ ਦੇ ਬੁੱਲ੍ਹਾਂ ਉਤੇ ਹੋਰ ਵੀ ਗੂਹੜਾ ਹੋ ਜਾਵੇ, ਸੱਚੇ ਮਨ ਤੋਂ ਅਰਦਾਸਾਂ ਤੇ ਜੋਦੜੀਆਂ ਹਨ, ਇਸ ਕਲਮ ਦੀਆਂ !
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ, 9876428641
ਸੰਪਰਕ : ਬੱਲੀ ਸੰਧੂ (ਕੌਰ ਬਿੱਲੋ), ਲੁਧਿਆਣਾ, 9781823853