ਹੁਸ਼ਿਆਰਪੁਰ 7 ਜੂਨ (ਤਰਸੇਮ ਦੀਵਾਨਾ)- ਸਿੱਖ ਐਜੂਕੇਸ਼ਨਲ ਕੌਂਸਲ ਤਹਿਤ ਚੱਲ ਰਹੇ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪਿ੍ਸੀਪਲ ਵਜੋਂ ਲਗਭਗ 24 ਸਾਲ ਸੇਵਾ ਨਿਭਾਉਣ ਵਾਲੇ ਪਿ੍ਸੀਪਲ ਹਰਦਿਆਲ ਸਿੰਘ ਬੇਦੀ ਲੰਮੀ ਤੇ ਤੰਦਰੁਸਤ ਜ਼ਿੰਦਗੀ ਭੋਗ ਕੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਮੇਤ ਸਮੂਹ ਅਹੁਦੇਦਾਰਾਂ, ਪਿ੍ਰੰਸੀਪਲ ਡਾ. ਜਸਪਾਲ ਸਿੰਘ, ਟੀਚਿੰਗ ਤੇ ਨਾਨ ਟੀਚਿੰਗ ਸਟਾਫ ਸਮੇਤ ਸਮੂਹ ਵਿਦਿਆਰਥੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸੀਨੀਅਰ ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ, ਗੁਰਦੇਵ ਸਿੰਘ ਗਿੱਲ ਖੜੌਦੀ, ਪ੍ਰੋ ਕੰਵਲ, ਵੀਰਿੰਦਰ ਸ਼ਰਮਾ ਸਮੇਤ ਹੋਰ ਅਹੁਦੇਦਾਰਾਂ ਨੇ ਕਿਹਾ ਕਿ ਪਿ੍ਰੰਸੀਪਲ ਹਰਦਿਆਲ ਸਿੰਘ ਬੇਦੀ ਨੇ 24 ਸਾਲ ਪਿ੍ਰੰਸੀਪਲ ਵੱਜੋਂ ਸੇਵਾ ਨਿਭਾਅ ਕੇ ਕਾਲਜ ਨੂੰ ਬੁਲੰਦੀਆਂ ‘ਤੇ ਪੁਜਾਇਆ ਹੈ। ਉਨ੍ਹਾਂ ਕਿਹਾ ਕਿ ਸੰਨ 1963 ਤੋਂ 1987 ਤੱਕ ਦੇ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਅਕਾਦਮਿਕ ਖੇਤਰ ਦੇ ਨਾਲ ਨਾਲ ਫੁੱਟਬਾਲ ਦੀ ਪ੍ਰਫੁੱਲਤਾ ਲਈ ਸ਼ਲਾਘਾਯੋਗ ਕੰਮ ਕੀਤੇ ਜਿਸ ਕਰਕੇ ਉਹ ਸਮੂਹ ਸਟਾਫ, ਵਿਦਿਆਰਥੀਆਂ ਅਤੇ ਇਲਾਕੇ ਵਿੱਚ ਹਰਮਨਪਿਆਰੇ ਸਿੱਖਿਆ ਸ਼ਾਸਤਰੀ ਸਨ। ਪਿ੍ਰੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪਿ੍ਰੰਸੀਪਲ ਹਰਦਿਆਲ ਸਿੰਘ ਬੇਦੀ ਦਾ ਅਕਾਲ ਚਲਾਣਾ ਉਨ੍ਹਾਂ ਦੇ ਪਰਿਵਾਰ ਸਮੇਤ ਸਿੱਖਿਆ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।